ਮਾਨਸਾ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅਜੇ ਕੁਝ ਦਿਨ ਹੀ ਹੋਏ ਹਨ। ਉਸਦਾ ਵਿਛੋੜਾ ਹਰ ਕਿਸੇ ਨੂੰ ਝਿੰਜੋੜ ਕੇ ਰੱਖ ਗਿਆ ਹੈ। ਸਿੱਧੂ ਦੇ ਜਾਣ ਦਾ ਗਮ ਉਸਦਾ ਬਚਪਨ ਦਾ ਦੋਸਤ ਸਹਾਰ ਨਹੀਂ ਸਕਿਆ।
ਪਿੰਡ ਰੱਲਾ ਦੇ ਨੌਜਵਾਨ ਸੁਖਮਨਦੀਪ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਰੱਲਾ ਜੋ ਕਿ ਕੈਨੇਡਾ ਦੇ ਸ਼ਹਿਰ ਸਰੀ ‘ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
।ਸੁਖਮਨਦੀਪ, ਸਿੱਧੂ ਮੂਸੇਵਾਲੇ ਦਾ ਨਜ਼ਦੀਕੀ ਦੋਸਤ ਸੀ। ਉਹ ਕੈਨੇਡਾ ਜਾਣ ਤੋਂ ਪਹਿਲਾਂ ਗਾਇਕ ਨੂੰ ਮਿਲ ਕੇ ਗਿਆ ਸੀ ਤੇ ਗਾਇਕ ਦੇ ਕਤਲ ਦੀ ਖ਼ਬਰ ਸੁਣ ਕੇ ਸਦਮੇ ਵਿਚ ਸੀ।
ਦੋਸਤਾਂ ਨੇ ਦੱਸਿਆ ਕਿ ਸੁਖਮਨਦੀਪ ਤੇ ਮੂਸੇਵਾਲਾ ਵਿੱਦਿਆ ਭਾਰਤੀ ਸਕੂਲ ਮਾਨਸਾ ਵਿਚ ਦਸਵੀਂ ਜਮਾਤ ਤਕ ਇਕੱਠੇ ਪੜ੍ਹਦੇ ਰਹੇ ਸਨ। ਜਦੋਂ ਵੀ ਸੁਖਮਨਦੀਪ ਭਾਰਤ ਆਉਂਦਾ ਤਾਂ ਉਹ ਮੂਸੇਵਾਲੇ ਨਾਲ ਸਮਾਂ ਬਤੀਤ ਕਰਦਾ ਸੀ। ਸੁਖਮਨਦੀਪ ਕੈਲਗਰੀ ਵਿਚ ਕੁਝ ਦਿਨ ਪਹਿਲਾਂ ਗਿਆ ਸੀ, ਜਿੱਥੇ ਕਿ ਉਸ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਦੇਹ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।