ਗੁਰਦਾਸਪੁਰ : ਨਾਬਾਲਿਗ ਲੜਕੀ ਨੂੰ ਵਿਆਹ ਲਈ ਧਮਕਾਉਣ ਦੇ ਮਾਮਲੇ ‘ਚ 4 ਖ਼ਿਲਾਫ਼ ਪਰਚਾ

0
557

ਗੁਰਦਾਸਪੁਰ। ਪੁਰਾਨਾ ਸ਼ਾਲਾ ਪੁਲਿਸ ਨੇ ਇਕ ਨਾਬਾਲਿਗ ਲੜਕੀ ਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਣਾ ਤੇ ਵਿਆਹ ਕਰਾਉਣ ਲਈ ਧਮਕਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਨਾਮਜਦ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ 17 ਸਾਲਾਂ ਦੀ ਹੈ ਅਤੇ 12ਵੀਂ ਜਮਾਤ ਵਿੱਚ ਪੜਦੀ ਹੈ ਜੋ  ਮਿਤੀ 17.10.22 ਨੂੰ ਰੋਜ਼ਾਨਾ ਦੀ ਤਰਾਂ ਸਵੇਰੇ 8:30 ਵਜੇ ਘਰੋਂ ਕਾਲਜ ਗਈ ਸੀ ਪਰ ਵਾਪਸ ਨਹੀ ਆਈ।

ਅਗਲੇ ਦਿਨ ਲੜਕੀ ਘਰ ਵਾਪਿਸ ਆ ਗਈ ਉਸ ਦੇ ਪੁੱਛਣ ’ਤੇ ਲੜਕੀ ਨੇ ਦੱਸਿਆ ਕਿ ਕੱਲ੍ਹ ਜਦੋਂ ਉਹ ਕਾਲਜ ਜਾਣ ਲਈ ਬੱਸ ਅੱਡੇ ਬੱਸ ਲੈਣ ਲਈ ਖੜ੍ਹੀ ਸੀ ਤਾਂ ਜਰਨੈਲ ਸਿੰਘ ਜਿਸ ਦੀ ਉਸ ਦੇ ਨਾਲ ਪਹਿਲਾਂ ਤੋਂ ਮਾੜੀ ਮੋਟੀ ਜਾਣ ਪਹਿਚਾਣ ਸੀ ਆਪਣੇ 3 ਹੋਰ ਦੋਸਤਾਂ ਦੀ ਮਦਦ ਨਾਲ ਉਸ ਨੂੰ ਵਰਗਲਾ ਫੁਸਲਾ ਕੇ ਮਹਿੰਦਰਾ ਗੱਡੀ ਵਿੱਚ ਬਿਠਾ ਕੇ ਲੈ ਗਏ ਅਤੇ ਦਰਬਾਰ ਸਾਹਿਬ ਘੁੰਮਾਉਦੇ ਰਹੇ ਅਤੇ ਰਾਤ ਵੀ ਦਰਬਾਰ ਸਾਹਿਬ ਰਹੇ।

ਲੜਕੀ ਨੇ ਦੱਸਿਆ ਕਿ ਉਹ ਉਸ ਨੂੰ ਵਿਆਹ ਕਰਵਾਉਣ ਲਈ ਧਮਕਾਉਦੇ ਰਹੇ ਅਤੇ ਅਗਲੀ ਸਵੇਰ ਉਸ ਨੂੰ ਗੁਰਦਾਸਪੁਰ ਛੱਡ ਕੇ ਕਿਧਰੇ ਹੋਰ ਚਲੇ ਗਏ। ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਰਨੈਲ ਸਿੰਘ ਸੁੱਖਾ, ਸੰਨੀ, ਜੇ.ਪੀ ਅਤੇ ਕਰਨ ਖ਼ਿਲਾਫ਼ ਥਾਣਾ ਪੁਰਾਨਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।