ਮੈਕਸੀਕੋ ਦਾ ਬਾਰਡਰ ਪਾਰ ਕਰਦਿਆਂ ਗੁਰਦਾਸਪੁਰ ਦੇ ਮੁੰਡੇ ਦੀ ਮੌਤ, ਭੈਣ ਨਾਲ ਫੋਨ ‘ਤੇ ਗੱਲ ਕਰਦਿਆਂ ਨਿਕਲੀ ਜਾਨ

0
543

ਭੈਣੀ ਮੀਆਂ ਖਾਂ| ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਪਿੰਡ ਬਾਗੜੀਆਂ ਦੇ ਨੌਜਵਾਨ ਦੀ ਮੈਕਸੀਕੋ ਦੇਸ਼ ਦੇ ਬਾਰਡਰ ਉੱਤੇ ਬੱਸ ਪਲਟ ਜਾਣ ਕਾਰਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿੰਡ ਬਾਗੜੀਆਂ ਦੇ ਸਾਬਕਾ ਚੇਅਰਮੈਨ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਗੁਰਪਾਲ ਸਿੰਘ (24) ਪੁੱਤਰ ਬਲਵਿੰਦਰ ਸਿੰਘ ਜੋ ਕਿ ਅਮਰੀਕਾ ਵਿੱਚ ਰੋਜ਼ਗਾਰ ਲਈ ਮੈਕਸੀਕੋ ਰਾਹੀਂ ਜਾ ਰਿਹਾ ਸੀ, ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਅੱਜ ਉਹ ਇੱਕ ਬੱਸ ਉੱਤੇ ਸਵਾਰ ਹੋ ਕੇ ਬਾਰਡਰ ਦੀ ਤਰਫ਼ ਜਾ ਰਿਹਾ ਸੀ ਜਿੱਥੇ ਬੱਸ ਹਾਦਸਾਗ੍ਸਤ ਹੋ ਗਈ ਅਤੇ ਇਸ ਹਾਦਸੇ ਦੌਰਾਨ ਉਸ ਦੀ ਬਾਕੀ ਸਵਾਰੀਆਂ ਸਮੇਤ ਮੌਤ ਹੋ ਗਈ। ਇੱਥੇ ਵਰਨਣਯੋਗ ਹੈ ਕਿ ਜਦੋਂ ਉਹ ਬੱਸ ਰਾਹੀਂ ਮੈਕਸੀਕੋ ਤੋਂ ਬਾਰਡਰ ਦੀ ਤਰਫ਼ ਜਾ ਰਿਹਾ ਸੀ ਤਾਂ ਉਸ ਮੌਕੇ ਉਹ ਆਪਣੀ ਭੈਣ ਨਾਲ ਫ਼ੋਨ ਉੱਤੇ ਗੱਲਬਾਤ ਕਰ ਰਿਹਾ ਸੀ।

ਗੱਲਬਾਤ ਕਰਦਿਆਂ ਉਸ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਕਿ ਮਾਰੇ ਗਏ, ਫਿਰ ਫ਼ੋਨ ਬੰਦ ਹੋ ਗਿਆ। ਮ੍ਰਿਤਕ ਨੌਜਵਾਨ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਜੋ ਕਿ ਗੁਰਪਾਲ ਸਿੰਘ ਦੇ ਰਾਬਤੇ ਵਿੱਚ ਸਨ, ਨੇ ਦੱਸਿਆ ਕਿ ਮੈਕਸੀਕੋ ਦੇ ਬਾਰਡਰ ਉੱਤੇ ਵਾਪਰੇ ਬੱਸ ਹਾਦਸੇ ਦੀ ਖ਼ਬਰ ਉਨ੍ਹਾਂ ਦੇ ਮੀਡੀਆ ਉੱਤੇ ਚੱਲ ਰਹੀ ਹੈ ਅਤੇ ਉਸ ਤੋਂ ਇਸ ਖ਼ਬਰ ਰਾਹੀਂ ਪੱਕੀ ਸੂਚਨਾ ਮਿਲ ਗਈ ਕਿ ਗੁਰਪਾਲ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ।