ਸੁਰੱਖਿਆ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ ਖੁਲਾਸਾ, ਇਨ੍ਹਾਂ ਤਿਆਰੀਆਂ ‘ਚ ਲੱਗਾ ਸੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਪ੍ਰਧਾਨ

0
154


Amritsar News:
 ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਬਣਾਉਣ ਲਈ ਵੱਡੀ ਯੋਜਨਾ ਨੂੰ ਅੰਜਾਮ ਦੇ ਰਿਹਾ ਸੀ। ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਤਿਆਰ ਮਿਸਲ ’ਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨਸ਼ਾ ਛੁਡਾਊ ਕੇਂਦਰਾਂ ਤੇ ਇੱਕ ਗੁਰਦੁਆਰੇ ਨੂੰ ਹਥਿਆਰ ਰੱਖਣ ਤੇ ਨੌਜਵਾਨਾਂ ਨੂੰ ਫਿਦਾਈਨ ਹਮਲਿਆਂ ਵਾਸਤੇ ਤਿਆਰ ਕਰ ਰਿਹਾ ਸੀ। 


ਖਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਖਾੜਕੂ ਜਾਂ ਮਨੁੱਖੀ ਬੰਬ ਬਣਨ ਲਈ ਭੜਕਾਅ ਰਿਹਾ ਸੀ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਅੰਮ੍ਰਿਤਪਾਲ ਸਿੰਘ ਵਰਗੇ ਵਿਅਕਤੀਆਂ ਦੀ ਸਹਾਇਤਾ ਨਾਲ ਭਾਰਤ ਅੰਦਰ ਹਾਲਾਤ ਵਿਗਾੜਨ ਦੀ ਕੋਸ਼ਿਸ਼ ’ਚ ਹੈ ਤਾਂ ਜੋ ਆਪਣੇ ਲੋਕਾਂ ਦਾ ਮੰਦੇ ਹਾਲਤ ਤੋਂ ਧਿਆਨ ਵੰਡਾਇਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਕਈ ਹਥਿਆਰਾਂ ਤੇ ਗੋਲੀ-ਸਿੱਕੇ ’ਤੇ ਆਨੰਦਪੁਰ ਖਾਲਸਾ ਫਰੰਟ ਲਿਖਿਆ ਹੋਇਆ ਸੀ। 

ਉਧਰ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ  ਕਿ 16-17 ਕਿਲੋਮੀਟਰ ਤੱਕ  ਅੰਮ੍ਰਿਤਪਾਲ ਸਿੰਘ ਦੇ ਕਾਫਲੇ ਦਾ ਪਿੱਛਾ ਵੀ ਕੀਤਾ ਸੀ। ਉਹ ਭੀੜ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਉਨ੍ਹਾਂ ਨੂੰ ਗੋਲੀ ਨਾ ਚਲਾਉਣ ਦੀਆਂ ਹਦਾਇਤਾਂ ਸਨ। 


ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਇਸ ਬਾਰੇ ਊਨਾ ਦੇ ਪੁਲਿਸ ਅਧਿਕਾਰੀ ਅਰਿਜੀਤ ਸੇਨ ਠਾਕੁਰ ਨੇ ਕਿਹਾ ਕਿ ਨੰਗਲ ਤੇ ਗਗਰੇਟ ਨਾਲ ਲਗਦੇ ਹਰੇਕ ਚੈੱਕ ਪੋਸਟ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਮਹਿਤਪੁਰ ਨੇੜੇ ਕਈ ਥਾਵਾਂ ’ਤੇ ਬੈਕੀਕੇਡ ਲਗਾ ਕੇ ਵੱਡੀ ਗਿਣਤੀ ਵਿੱਚ ਜਵਾਨ  ਤਾਇਨਾਤ ਕਰ ਦਿੱਤੇ ਹਨ। ਠਾਕੁਰ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।