ਹੈਰੀਟੇਜ ਸਟਰੀਟ ‘ਤੇ ਖੜ੍ਹਾ ਹੋਇਆ ਵੱਡਾ ਵਿਵਾਦ, ਨਿਹੰਗ ਸਿੰਘਾਂ ਨੇ ਹੋਟਲਾਂ ਵਾਲਿਆਂ ਨੂੰ ਦਿੱਤੀ ਚਿਤਾਵਨੀ

0
423

ਅੰਮ੍ਰਿਤਸਰ, 17 ਅਕਤੂਬਰ | ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਨੂੰ ਨਿਹੰਗ ਸਿੰਘਾਂ ਨੇ ਵੱਡੀ ਚਿਤਾਵਨੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਨੇ ਕਾਰਵਾਈ ਕਰਦਿਆਂ ਉਨ੍ਹਾਂ ਹੋਟਲ ਏਜੰਟਾਂ ਨੂੰ ਸਖ਼ਤ ਤਾੜਨਾ ਕੀਤੀ ਹੈ, ਜੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਲਤ ਟਿੱਪਣੀਆਂ ਕਰ ਕੇ ਕਮਰੇ ਕਿਰਾਏ ‘ਤੇ ਲੈਣ ਲਈ ਮਜਬੂਰ ਕਰ ਰਹੇ ਸਨ। ਦਰਅਸਲ ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੈਰੀਟੇਜ ਸਟਰੀਟ ‘ਤੇ ਸਥਿਤ ਇਕ ਹੋਟਲ ਏਜੰਟ ਨੇ ਮਾਂ-ਪੁੱਤ ‘ਤੇ ਗਲਤ ਟਿੱਪਣੀਆਂ ਕੀਤੀਆਂ ਅਤੇ ਹੋਟਲ ‘ਚ ਇਕ ਕਮਰਾ ਕਿਰਾਏ ‘ਤੇ ਲੈਣ ਲਈ ਤੰਗ-ਪ੍ਰੇਸ਼ਾਨ ਕੀਤਾ। ਇਸ ਤੋਂ ਬਾਅਦ ਮਾਂ-ਪੁੱਤ ਨੇ ਨਾਰਾਜ਼ਗੀ ਜਤਾਈ ਅਤੇ ਬੇਟੇ ਨੇ ਉਕਤ ਏਜੰਟ ਨੂੰ ਥੱਪੜ ਮਾਰ ਦਿੱਤਾ।

ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਸੈਂਕੜੇ ਹੋਟਲ ਮਾਲਕਾਂ ਨੇ ਆਪਣੇ ਏਜੰਟ ਨਿਯੁਕਤ ਕੀਤੇ ਹੋਏ ਹਨ, ਜੋ ਕਿ ਕਿਰਾਏ ‘ਤੇ ਕਮਰੇ ਲੈਣ ਲਈ ਅਕਸਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਦੇਖੇ ਜਾਂਦੇ ਹਨ। ਇਸ ਦੌਰਾਨ ਜਦੋਂ ਇਹ ਏਜੰਟ ਕਿਸੇ ਲੜਕੇ-ਲੜਕੀ ਜਾਂ ਮਰਦ-ਔਰਤ ਨੂੰ ਇਕੱਲੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਕੁਝ ਘੰਟਿਆਂ ਲਈ ਕਮਰਾ ਕਿਰਾਏ ‘ਤੇ ਦੇਣ ਦੀ ਪੇਸ਼ਕਸ਼ ਕਰਦੇ ਹਨ। ਇਸ ਤਰ੍ਹਾਂ ਦੀ ਦੁਰਵਰਤੋਂ ਨੂੰ ਦੇਖਦਿਆਂ ਨਿਹੰਗ ਸਿੰਘਾਂ ਨੇ ਹੈਰੀਟੇਜ ਸਟਰੀਟ ਨੇੜੇ ਅਜਿਹੇ ਏਜੰਟਾਂ ਨੂੰ ਫੜ ਕੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿਚ ਕੋਈ ਵੀ ਸ਼ਰਧਾਲੂ ਨੂੰ ਘੰਟਿਆਂਬੱਧੀ ਕਮਰੇ ਦੀ ਪੇਸ਼ਕਸ਼ ਕਰਦਾ ਦੇਖਿਆ ਗਿਆ ਤਾਂ ਉਹ ਪਹਿਲਾਂ ਖੁਦ ਕਾਰਵਾਈ ਕਰਨਗੇ ਅਤੇ ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿਹੰਗ ਸਿੰਘਾਂ ਦਾ ਇਲਜ਼ਾਮ ਹੈ ਕਿ ਇਸ ਤਰ੍ਹਾਂ ਇਨ੍ਹਾਂ ਹੋਟਲਾਂ ਵਿਚ ਨਸ਼ਿਆਂ ਅਤੇ ਦੇਹ ਵਪਾਰ ਦਾ ਧੰਦਾ ਵੀ ਚੱਲਦਾ ਹੈ। ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਹੈਰੀਟੇਜ ਸਟਰੀਟ ‘ਤੇ ਖੜ੍ਹੇ ਹੋ ਕੇ ਲੋਕਾਂ ਨੂੰ ਕਮਰੇ ਚੜ੍ਹਾਉਣ ਵਾਲੇ ਵੀ ਫੜੇ ਗਏ।

ਨਿਹੰਗ ਸਿੰਘਾਂ ਨੇ ਦੱਸਿਆ ਕਿ ਸ਼ਿਕਾਇਤਾਂ ਮਿਲੀਆਂ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਲੋਕਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਜਾਂਦਾ ਹੈ ਅਤੇ ਏਜੰਟਾਂ ਵੱਲੋਂ ਜਬਰੀ ਕਿਰਾਏ ’ਤੇ ਕਮਰੇ ਦਿੱਤੇ ਜਾਂਦੇ ਹਨ। ਇਕ ਨਿਹੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਔਰਤ ਦੀ ਸ਼ਿਕਾਇਤ ਵੀ ਮਿਲੀ ਸੀ ਕਿ ਉਸ ਦੇ ਬੇਟੇ ਨਾਲ ਹੋਣ ਦੇ ਬਾਵਜੂਦ ਏਜੰਟ ਨੇ ਉਸ ਨੂੰ ਰੋਕਿਆ ਅਤੇ ਇਕ ਘੰਟੇ ਲਈ ਇਕ ਕਮਰਾ ਕਿਰਾਏ ‘ਤੇ ਦੇਣ ਦੀ ਪੇਸ਼ਕਸ਼ ਕੀਤੀ, ਜਿਸ ‘ਤੇ ਉਹ ਬਹੁਤ ਸ਼ਰਮਿੰਦਾ ਹੋਈ। ਨਿਹੰਗ ਸਿੰਘਾਂ ਨੇ ਪਹਿਲਾਂ ਇਨ੍ਹਾਂ ਏਜੰਟਾਂ ਦੀ ਵੀਡੀਓ ਬਣਾਈ ਜੋ ਲੋਕਾਂ ਨੂੰ ਕਮਰੇ ਕਿਰਾਏ ‘ਤੇ ਲੈਣ ਲਈ ਜ਼ਬਰਦਸਤੀ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਫਿਰ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਇੱਕ ਨਿਹੰਗ ਸਿੰਘ ਨੇ ਦੱਸਿਆ ਕਿ ਉਕਤ ਇਲਾਕੇ ਵਿਚ ਨਸ਼ੇ ਅਤੇ ਦੇਹ ਵਪਾਰ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ।