ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, 4 ਲੱਖ ਵਿਦਿਆਰਥੀਆਂ ਦੇ ਵਰਕ ਪਰਮਿਟ ‘ਤੇ ਮੰਡਰਾ ਰਿਹਾ ਖਤਰਾ

0
546

ਚੰਡੀਗੜ੍ਹ | ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕੈਨੇਡਾ ‘ਚ 4.27 ਲੱਖ ਵਿਦਿਆਰਥੀਆਂ ਨੂੰ ਵਰਕ ਪਰਮਿਟ ਲੈਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਕੁੱਲ 13,35,878 ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ। ਜਿਨ੍ਹਾਂ ਵਿਚੋਂ ਲਗਭਗ 4,27,000 ਵਿਦਿਆਰਥੀ ਇਕੱਲੇ ਕੈਨੇਡਾ ਵਿਚ ਪੜ੍ਹਦੇ ਹਨ। ਪਿਛਲੇ ਕੁਝ ਸਾਲਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 260 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ, ਹਾਲੀਆ ਘਟਨਾਵਾਂ ਦੇ ਕਾਰਨ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਵਿਚ ਅਧਿਐਨ ਅਤੇ ਵਰਕ ਪਰਮਿਟ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ।

ਕੈਨੇਡਾ ਨੇ ਸਾਲ 2023 ਵਿਚ ਕੁੱਲ 5,09,390 ਸਟੱਡੀ ਪਰਮਿਟ ਜਾਰੀ ਕੀਤੇ ਸਨ, ਜਦਕਿ 2024 ਦੇ ਪਹਿਲੇ ਸੱਤ ਮਹੀਨਿਆਂ ਵਿਚ 1,75,920 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2025 ਤੱਕ ਸਟੱਡੀ ਪਰਮਿਟਾਂ ਦੀ ਗਿਣਤੀ ਘਟਾ ਕੇ 437,000 ਕਰ ਦਿੱਤੀ ਜਾਵੇਗੀ। ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਖ਼ਤ ਨੀਤੀਆਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਆਉਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਭਾਰਤੀ ਵਿਦਿਆਰਥੀਆਂ ਲਈ ਵਰਕ ਪਰਮਿਟ ਪ੍ਰਕਿਰਿਆ ਵਿੱਚ ਸਮੱਸਿਆਵਾਂ
ਕੈਨੇਡਾ ਦੀਆਂ ਨੀਤੀਆਂ ਵਿਚ ਬਦਲਾਅ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਲਈ ਉੱਥੇ ਪੜ੍ਹਨ ਅਤੇ ਕੰਮ ਕਰਨ ਦੇ ਮੌਕੇ ਸੀਮਤ ਹੋ ਸਕਦੇ ਹਨ। ਇਸ ਕਾਰਨ ਹੁਣ ਭਾਰਤੀ ਵਿਦਿਆਰਥੀ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਵਿਚ ਪੜ੍ਹਾਈ ਲਈ ਅਪਲਾਈ ਕਰਨ ਬਾਰੇ ਸੋਚ ਸਕਦੇ ਹਨ, ਜਿੱਥੇ ਮੌਜੂਦਾ ਸਮੇਂ ਵਿਚ ਸਿੱਖਿਆ ਅਤੇ ਵੀਜ਼ਾ ਨਿਯਮਾਂ ਵਿਚ ਮੁਕਾਬਲਤਨ ਢਿੱਲ ਹੈ।

ਇਹ ਤਬਦੀਲੀ ਕੈਨੇਡਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੀ ਪ੍ਰਕਿਰਿਆ ਵਿਚ ਵੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਕੈਨੇਡੀਅਨ ਸਰਕਾਰ ਦਾ ਇਹ ਫੈਸਲਾ ਆਉਣ ਵਾਲੇ ਸਾਲਾਂ ਵਿਚ ਉੱਥੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।