ਕੈਨੇਡਾ ‘ਚ ਨਵੇਂ ਸਾਲ ‘ਤੇ ਹੁਸ਼ਿਆਰਪੁਰ ਦੇ 28 ਸਾਲਾ ਨੌਜਵਾਨ ਦਾ ਕਤਲ, ਸੁੰਨਸਾਨ ਇਲਾਕੇ ‘ਚ ਕਾਰ ‘ਚੋਂ ਮਿਲੀ ਲਾਸ਼

0
522

ਹੁਸ਼ਿਆਰਪੁਰ| ਮਾਹਿਲਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਢਾਈ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ | ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ ‘ਤੇ ਪਾਏ ਸਾਰੇ ਗਹਿਣੇ, ਮੋਬਾਇਲ, ਪਰਸ, ਏਟੀਐਮ ਅਤੇ ਪੈਸੇ ਵੀ ਨਾਲ ਲੈ ਗਏ | ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੇ ਕੈਨੇਡਾ ‘ਚ ਹੋਏ ਕਤਲ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜ਼ਾ ਦਿੱਤੀ ਜਾਵੇ |

ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਨਾਥ ਸ਼ਰਮਾ ਵਾਸੀ ਚੰਦੇਲੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਮੋਹਿਤ ਸ਼ਰਮਾ (28) ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਪੱਕਾ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ ਕੈਨੇਡਾ ਗਿਆ ਸੀ | ਉਨ੍ਹਾਂ ਦੇ ਕੈਨੇਡਾ ਪਹੁੰਚੇ ਭਤੀਜੇ ਅਰਮਾਨ ਸ਼ਰਮਾ ਨੇ ਫ਼ੋਨ ‘ਤੇ ਆਪਣੇ ਤਾਏ ਤਰਲੋਕ ਨਾਥ ਸ਼ਰਮਾ ਨੂੰ ਐਤਵਾਰ ਦੀ ਸਵੇਰ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ ਨਹੀਂ ਲੱਭ ਰਿਹਾ ਪਤਾ ਨਹੀ ਕਿੱਧਰੇ ਚਲਾ ਗਿਆ ਹੈ | ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਕੈਨੇਡਾ ਦੇ ਸ਼ਹਿਰ ਟਿਮਨ ਹੱਟ ਵਿਖ਼ੇ ਰਾਤ ਦੀ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਉਨ੍ਹਾਂ ਕੋਲ ਹੀ ਸੌਂ ਗਿਆ ਸੀ ਪਰ ਰਾਤ ਇੱਕ ਵਜੇ ਦੇ ਕਰੀਬ ਨੀਂਦ ਨਾ ਆਉਂਦੀ ਦੇਖ਼ ਉਹ ਮੁੜ ਅਪਣੇ ਕਮਰੇ ਵਿਚ ਚਲਾ ਗਿਆ | ਰਾਤ ਢਾਈ ਵਜੇ ਉੱਠ ਕੇ ਮੁੜ ਉਹ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਉੱਥੋਂ ਹੀ ਇੱਕ ਪੱਬ ਵਿਚ ਚਲਾ ਗਿਆ|ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗ ਪਿਆ | ਉਨ੍ਹਾਂ ਕਿਹਾ ਕਿ ਫ਼ੋਨ ਬੰਦ ਆਉਣ ਕਾਰਨ ਉਹ ਉਸ ਨੂੰ ਕਮਰੇ ਵਿਚ ਦੇਖ਼ਣ ਗਏ ਪਰ ਉਹ ਉੱਥੇ ਵੀ ਨਹੀਂ ਸੀ | ਉਨ੍ਹਾਂ ਦੱਸਿਆ ਕਿ ਉਹ ਸਾਰਾ ਦਿਨ ਉਸ ਨੂੰ ਲੱਭਦੇ ਰਹੇ ਪਰ ਉਹ ਨਾ ਲੱਭਿਆ ਅਤੇ ਇੱਕ ਜਨਵਰੀ ਦੀ ਸਵੇਰ ਸ਼ਹਿਰ ਤੋਂ ਬਾਹਰ ਉਸ ਦੀ ਕਾਰ ਇੱਕ ਸੁੰਨਸਾਨ ਇਲਾਕੇ ਵਿਚ ਮਿਲੀ ਅਤੇ ਪਿਛਲੀ ਸੀਟ ‘ਤੇ ਉਨ੍ਹਾਂ ਦੇ ਪੁੱਤਰ ਮੋਹਿਤ ਦੀ ਲਾਸ਼ ਪਈ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵਲੋਂ ਪਾਏ ਸੋਨੇ ਦੇ ਗਹਿਣੇ ਜਿਸ ਵਿਚ ਚੇਨੀ, ਕੜਾ, ਡਾਇਮੰਡ ਟਾਪਸ, ਮੁੰਦਰੀਆਂ, ਪਰਸ, ਮੋਬਾਇਲ ਅਤੇ ਏਟੀਐਮ ਕਾਰਡ ਵੀ ਗਾਇਬ ਸੀ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਲੁੱਟ-ਖ਼ੋਹ ਦੀ ਨੀਅਤ ਨਾਲ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਿਸ ਵੀ ਮਾਮਲੇ ਦੀ ਪੜਤਾਲ ਕਰ ਰਹੀ ਹੈ | ਉਨ੍ਹਾਂ ਭਾਰਤ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਕਿ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੇ ਲੜਕੇ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ |