ਕਾਰ ਦੀ ਲਪੇਟ ‘ਚ ਆਏ 24 ਸਾਲਾ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਪੂਰਾ ਹਾਈਵੇ ਕੀਤਾ ਜਾਮ

0
826

ਅੰਮ੍ਰਿਤਸਰ | 19 ਜੂਨ ਨੂੰ ਭੰਡਾਰੀ ਪੁਲ ‘ਤੇ ਸਵਿਫਟ ਡਿਜ਼ਾਇਰ ਕਾਰ ਦੀ ਲਪੇਟ ‘ਚ ਆ ਕੇ ਜ਼ਖਮੀ ਹੋਏ 24 ਸਾਲਾ ਮਨਜੀਤ ਸਿੰਘ ਦੀ ਐਤਵਾਰ ਨੂੰ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਲਾਸ਼ ਭੰਡਾਰੀ ਪੁਲ ’ਤੇ ਰੱਖ ਕੇ ਰੋਸ ਪ੍ਰਗਟਾਇਆ। ਸ਼ਹਿਰ ਨੂੰ ਚਾਰੇ ਹਿੱਸਿਆਂ ਨਾਲ ਜੋੜਨ ਵਾਲੇ ਭੰਡਾਰੀ ਪੁਲ ’ਤੇ ਪ੍ਰਦਰਸ਼ਨ ਕਾਰਨ ਪੂਰੇ ਸ਼ਹਿਰ ਦੀ ਟਰੈਫਿਕ ਵਿਵਸਥਾ ਠੱਪ ਹੋ ਕੇ ਰਹਿ ਗਈ।

ਰਿਸ਼ਤੇਦਾਰਾਂ ਅਨੁਸਾਰ ਮਨਜੀਤ ਸਿੰਘ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਪੁਲਿਸ ਨੂੰ ਕਾਰ ਚਾਲਕ ਦਾ ਸੁਰਾਗ ਵੀ ਨਹੀਂ ਲੱਗਾ। ਪੁਲਿਸ ਆਖਦੀ ਰਹੀ ਕਿ ਭੰਡਾਰੀ ਪੁਲ ’ਤੇ ਲੱਗੇ ਸੀਸੀਟੀਵੀ ਕੈਮਰੇ ਹਾਲੇ ਤਕ ਚਾਲੂ ਨਹੀਂ ਹੋਏ। ਹਰ ਵਾਰ ਜਦੋਂ ਅਸੀਂ ਥਾਣੇ ਗਏ ਤਾਂ ਪੁਲਿਸ ਨੇ ਫਾਈਲ ਖੋਲ੍ਹੀ ਅਤੇ ਫਿਰ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਉਹ ਜਾਂਚ ਕਰ ਰਹੇ ਹਨ।