ਜਲੰਧਰ ‘ਚ 20 ਸਾਲ ਦੀ ਕੁੜੀ ਨਾਲ ਰੇਪ, ਬਣਾਈ ਅਸ਼ਲੀਲ ਵੀਡੀਓ

0
854

ਜਲੰਧਰ | ਇਕ ਨੌਜਵਾਨ ਨੇ 20 ਸਾਲ ਦੀ ਲੜਕੀ ਨਾਲ ਬਲਾਤਕਾਰ ਕਰ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਹੈ। ਜਦੋਂ ਪੀੜਤ ਲੜਕੀ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਦੋਸ਼ੀ ਨੌਜਵਾਨ ਦੇ ਘਰ ਜਾ ਕੇ ਕੀਤੀ ਤਾਂ ਆਪਣੇ ਲੜਕੇ ਨੂੰ ਨਸੀਹਤ ਦੇਣ ਦੀ ਬਜਾਏ ਦੋਸ਼ੀ ਦੇ ਪਿਤਾ ਨੇ ਲੜਕੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਕੁਨਾਲ ਸਿੱਧੂ, ਉਸ ਦੇ ਪਿਤਾ ਯੋਗਰਾਜ ਸਿੱਧੂ ਅਤੇ ਬਖਸ਼ੋ ਸਿੱਧੂ ਵਾਸੀ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲੈ ਲਵੇਗੀ।

ਥਾਣਾ ਰਾਮਾਮਦੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਲੜਕੀ ਨੇ ਦੱਸਿਆ ਕਿ ਦੋਸ਼ੀ ਕੁਨਾਲ ਨੇ ਸਾਲ 2021 ‘ਚ ਚੌਗਿੱਟੀ ਨੇੜੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਮੁਲਜ਼ਮ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗਾ, ਜਿਸ ਤੋਂ ਬਾਅਦ ਉਸ ਨਾਲ ਕਈ ਵਾਰ ਸਬੰਧ ਬਣਾਏ।

ਜਦੋਂ ਪਾਣੀ ਦਾ ਪੱਧਰ ਸਿਰ ਤੋਂ ਉੱਪਰ ਚਲਾ ਗਿਆ ਤਾਂ ਪੀੜਤਾ ਨੇ ਦੋਸ਼ੀ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਆਪਣੇ ਲੜਕੇ ਨੂੰ ਸਮਝਾਉਣ ਦੀ ਬਜਾਏ ਲੜਕੀ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਦੱਸਿਆ। ਫਿਰ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ। ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸ ਦੇਈਏ ਕਿ ਮਾਮਲੇ ਦੀ ਜਾਂਚ ਰਾਮਾਮੰਡੀ ਥਾਣੇ ਵਿਚ ਤਾਇਨਾਤ ਇੰਸਪੈਕਟਰ ਸੁਰਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ। ਲੜਕੀ ਦਾ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਜਲਦ ਹੀ ਪੁਲਿਸ ਨੂੰ ਮਿਲ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।