ਜਲੰਧਰ ‘ਚ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਮਹਿਲਾ ਅਤੇ 10 ਸਾਲਾ ਬੱਚੀ ਦੀ ਮੌਤ

0
1511

ਲੈਦਰ ਕੰਪਲੈਕਸ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ ਨੇ ਨਸ਼ੇ ਵਿੱਚ ਡਰਾਈਵਿੰਗ ਦੇ ਲਗਾਏ ਦੋਸ਼

ਜਲੰਧਰ, 07 ਮਾਰਚ | ਜਲੰਧਰ ਦੇ ਲੈਦਰ ਕੰਪਲੈਕਸ ਰੋਡ ‘ਤੇ ਐਮਐਸ ਫਾਰਮ ਨੇੜੇ ਤੇਜ਼ ਰਫ਼ਤਾਰ ਕਾਰ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਮਹਿਲਾ ਅਤੇ ਉਸ ਦੀ 10 ਸਾਲਾ ਬੱਚੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਸਬਜ਼ੀ ਲੈ ਕੇ ਘਰ ਵਾਪਸ ਆ ਰਿਹਾ ਸੀ। ਮ੍ਰਿਤਕਾਂ ਦੀ ਪਹਿਚਾਣ ਪਾਰਸ ਸਟੇਟ ਦੀ ਰਹਿਣ ਵਾਲੀ 52 ਸਾਲਾ ਸ਼ੀਤਲ ਸ਼ਰਮਾ ਅਤੇ 10 ਸਾਲਾ ਮਾਹੀ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਈ-ਰਿਕਸ਼ਾ ਚਾਲਕ ਸੌਰਭ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਧੀ ਨਾਲ ਬਾਬੂ ਜਗਜੀਵਨ ਰਾਮ ਚੌਕ ਨੇੜੇ ਸਬਜ਼ੀ ਲੈਣ ਗਿਆ ਸੀ। ਸਬਜ਼ੀ ਲੈ ਕੇ ਜਦੋਂ ਉਹ ਵਾਪਸ ਘਰ ਵੱਲ ਆ ਰਹੇ ਸਨ ਤਾਂ ਲੈਦਰ ਕੰਪਲੈਕਸ ਰੋਡ ‘ਤੇ ਐਮਐਸ ਫਾਰਮ ਨੇੜੇ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਿੰਨੇ ਗੰਭੀਰ ਜ਼ਖ਼ਮੀ ਹੋ ਗਏ।



ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਮਾਂ ਅਤੇ ਧੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕ ‘ਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ ਲਗਾਉਂਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਬਾਹਰ ਹੰਗਾਮਾ ਕੀਤਾ।

ਇਸ ਮਾਮਲੇ ਬਾਰੇ ਏਸੀਪੀ ਬੈਸਟ ਆਤੀਸ਼ ਨੇ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।