ਜਦੋਂ – ਡੀਸੀ ਵਰਿੰਦਰ ਸ਼ਰਮਾ ਨੇ ਪਤਨੀ ਪਰਵੀਨ ਨੂੰ ਕਿਹਾ ਸੀ – ਭਾਗਵਾਨੇ, ਤੂੰ ਟੱਬਰ ਸਾਂਭ, ਮੈਨੂੰ ਸਾਧ ਹੋ ਜਾਣ ਦੇ

0
21418

-ਗੁਰਭਜਨ ਗਿੱਲ

ਪੰਜਾਬ ਸਰਕਾਰ ਨੇ ਕਈ ਵੱਡੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਕੱਲ੍ਹ ਸ਼ਾਮੀਂ ਮੈਨੂੰ ਵੀ ਸੂਚੀ ਮਿਲੀ ਤਾਂ ਆਦਤਨ ਫੋਲਾ ਫਾਲੀ ਕਰਦਿਆਂ ਪਤਾ ਲੱਗਿਆ ਕਿ ਲੁਧਿਆਣਾ ਵਾਲੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਜੀ ਦੀ ਥਾਂ ਜਲੰਧਰੋਂ ਵਰਿੰਦਰ ਸ਼ਰਮਾ ਆ ਰਹੇ ਨੇ।

ਮੇਰੀਆਂ ਅੱਖਾਂ ਸਾਹਮਣੇ ਬੜਾ ਕੁਝ ਫਿਲਮ ਵਾਂਗ ਘੁੰਮ ਗਿਆ। ਵਰਿੰਦਰ ਜਦ ਯੂਪੀਐੱਸਸੀ ਇਮਤਿਹਾਨ ਵਿਚੋਂ ਪੂਰੇ ਦੇਸ਼ ਦੇ ਮੁੰਡਿਆਂ ਚੋਂ ਪਹਿਲੇ ਸਥਾਨ ਤੇ ਆਇਆ ਸੀ ਤਾਂ ਅਖ਼ਬਾਰਾਂ ਨੇ ਮਲਵੀਂ ਜਹੀ ਜੀਭ ਨਾਲ ਕਿਹਾ ਸੀ ਕਿ ਉਸ ਨੇ ਪੰਜਾਬੀ ਵਿਸ਼ਾ ਲੈ ਕੇ ਇਮਤਿਹਾਨ ਪਾਸ ਕੀਤਾ ਹੈ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਅਸਾਂ ਬਾਰੀਕ ਖ਼ਬਰ ਨੂੰ ਵਡਿਆ ਕੇ ਪੜ੍ਹਿਆ। ਅਖ਼ਬਾਰੀ ਵਧਾਈ ਵੀ ਦਿੱਤੀ ਤੇ ਕੁਝ ਸਮੇਂ ਬਾਦ ਵਰਿੰਦਰ ਸ਼ਰਮਾ ਨੂੰ ਪੰਜਾਬੀ ਭਵਨ ਬੁਲਾ ਕੇ ਮਾਤ ਭਾਸ਼ਾ ਸਨਮਾਨ ਵੀ ਦਿੱਤਾ।

ਪੰਜਾਬ ਇੰਜਨੀਰਿੰਗ ਕਾਲਜ ਚੰਡੀਗੜ੍ਹ ਤੋਂ ਡਿਗਰੀ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਮਗਰੋਂ ਪੀਸੀਐੱਸ ਅਲਾਈਡ ਵਿਚ ਚੁਣੇ ਜਾਣਾ ਅਧਿਆਪਕ ਮਾਪਿਆਂ ਲਈ ਵੱਡੀ ਪ੍ਰਾਪਤੀ ਸੀ, ਪਰ ਉਸ ਨੂੰ ਤਾਂ ਬਾਜ਼ ਵਾਂਗ ਵਿਸ਼ਾਲ ਨੀਲੱਤਣ ਵਾਲਾ ਅੰਬਰ ਉਡੀਕਦਾ ਸੀ। ਅਧਿਆਪਕ ਜੀਵਨ ਸਾਥਣ ਪਰਵੀਨ ਨੂੰ ਕਿਹਾ! ਭਾਗਵਾਨੇ, ਤੂੰ ਟੱਬਰ ਸਾਂਭ, ਮੈਨੂੰ ਸਾਧ ਹੋ ਜਾਣ ਦੇ। ਚੰਡੀਗੜ੍ਹ ਬਹਿ ਕੇ ਯੂਪੀਐੱਸਸੀ ਇਮਤਿਹਾਨ ਦੀ ਤਿਆਰੀ ਕਰੂੰ। ਵੇਖੀਂ ਜੋਗ ਕਮਾ ਕੇ ਪਰਤਦਾ।

ਉਸ ਉਹੀ ਕੰਮ ਕੀਤਾ। ਜਦ ਗਿਆ ਤਾਂ ਜ਼ਿਲ੍ਹੇ ਦਾ ਫੂਡ ਸਪਲਾਈ ਕੰਟਰੋਲਰ ਸੀ, ਪਰਤਿਆ ਤਾਂ ਡਿਪਟੀ ਕਮਿਸ਼ਨਰ ਤੇ ਹੋਰ ਉਚੇਰੀਆਂ ਕੁਰਸੀਆਂ ਦੇ ਕਾਬਲ ਅਧਿਕਾਰੀ ਸੀ।

ਵਰਿੰਦਰ ਸ਼ਰਮਾ ਆਤਮ ਵਿਸ਼ਵਾਸ ਤੇ ਸਿਰੜ ਦਾ ਨਾਮ ਹੈ। ਨਿਰੰਤਰ ਲੋਕ ਪੱਖੀ ਦਰਦਮੰਦ ਅਹਿਸਾਸ ਨਾਲ ਪਰਿੱਚਿਆ ਬਿਰਖ। ਇਸ ਸਾਲ ਆਏ ਹੜ੍ਹਾਂ ਵੇਲੇ ਉਸ ਦੀ ਸੇਵਾ ਤੇ ਯੋਜਨਾਕਾਰੀ ਕਮਾਲ ਸੀ। ਮੋਰਚੇ ਤੇ ਖ਼ੁਦ ਲੜਨ ਵਾਲਾ ਜਰਨੈਲ। ਉਸ ਦੇ ਪਿੱਛੇ-ਪਿੱਛੇ ਤੁਰਦਿਆਂ ਪੰਜਾਬੀ ਨਾਲ ਮੈਂ ਵੀ ਕੇਂਦਰੀ ਸੇਵਾਵਾਂ ਚ ਆਇਆ, ਮੇਰਾ ਸਨੇਹੀ ਪੁੱਤਰ ਬਲਵਿੰਦਰ ਸਿੰਘ ਧਾਲੀਵਾਲ ਦੱਸਦਾ ਹੈ।

ਸਾਡਾ ਸੁਭਾਗ ਹੈ ਕਿ ਵਰਿੰਦਰ ਸ਼ਰਮਾ ਪੰਜਾਬੀ ਜ਼ੁਬਾਨ ਦੀ ਰੱਖ ਵਿਖਾ ਕੇ ਲੋਕ ਪ੍ਰਸ਼ਾਸਨ ਚ ਨਿਵੇਕਲੀਆਂ ਪੈੜਾਂ ਪਾ ਰਿਹਾ ਹੈ। ਪਹਿਲਾਂ ਬਠਿੰਡਾ, ਮਾਨਸਾ ਤੇ ਹੁਣ ਜਲੰਧਰ ਵਿੱਚ ਉਸ ਦਾ ਸਾਦਗੀ ਭਰਪੂਰ ਵਿਹਾਰ ਲੋਕ ਹਿਤੈਸ਼ੀ ਹੋਣ ਕਾਰਨ ਜਲੰਧਰ ਚ ਘਰ-ਘਰ ਦੀ ਕਹਾਣੀ ਬਣ ਗਿਆ ਹੈ।
ਸਿਰੜੀ, ਸੁਲੱਗ ਤੇ ਸੰਵੇਦਨਸ਼ੀਲ ਅਧਿਕਾਰੀ ਨਿੱਕੇ ਵੀਰ ਵਰਿੰਦਰ ਸ਼ਰਮਾ ਦਾ ਲੁਧਿਆਣਾ ਵਿੱਚ ਜੀ ਆਇਆਂ ਨੂੰ!”

(ਪ੍ਰੋ . ਗੁਰਭਜਨ ਗਿੱਲ ਪੰਜਾਬੀ ਦੇ ਵੱਡੇ ਗਜ਼ਲਗੋਂ ਹਨ ਤੇ ਅੱਜਕੱਲ੍ਹ ਉਹਨਾਂ ਦੀ ਲੁਧਿਆਣਾ ਵਿਖੇ ਰਿਹਾਇਸ਼ ਹੈ ਇਸ 9872631199 ‘ਤੇ ਸੰਪਰਕ ਕੀਤੀ ਜਾ ਸਕਦਾ ਹੈ।)