ਅੰਮ੍ਰਿਤਸਰ (ਮਜੀਠਾ), 17 ਨਵੰਬਰ | ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਬਾਬੋਵਾਲ ਵਿੱਚ ਸੋਮਵਾਰ ਦੁਪਹਿਰ ਨੂੰ ਸੱਤ ਸਾਲ ਦੇ ਬੱਚੇ ਏਕਮਪ੍ਰੀਤ ਸਿੰਘ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਬੱਚਾ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਵੱਡੀ ਭੈਣ ਵੀ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰਿਕ ਮੈਂਬਰ ਰੋ-ਰੋ ਕੇ ਬੁਰਾ ਹਾਲ ਹਨ।
ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਬੱਚੇ ਨੂੰ ਕਿਸੇ ਨੇ ਜਾਣ-ਬੁੱਝ ਕੇ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਏਕਮਪ੍ਰੀਤ ਘਰ ਤੋਂ ਥੋੜ੍ਹਾ ਜਿਹਾ ਦੂਰ ਇੱਕ ਕੋਠੇ ਦੇ ਪਿੱਛੇ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿੱਥੇ ਉਸ ਦੇ ਨੇੜੇ ਇੱਟਾਂ ਅਤੇ ਰੋੜੇ ਵੀ ਪਏ ਹੋਏ ਸਨ। ਪਰਿਵਾਰ ਨੇ ਸਾਫ਼ ਕਿਹਾ ਕਿ ਇਹ ਹਾਦਸਾ ਨਹੀਂ, ਸਗੋਂ ਹੱਤਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।
ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਦੁਪਹਿਰ ਸਵਾ ਇੱਕ ਵਜੇ ਦੇ ਕਰੀਬ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ ਹੈ। ਮੌਕੇ ’ਤੇ ਪਹੁੰਚਣ ’ਤੇ ਬੱਚੇ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਤੁਰੰਤ ਸ਼ੱਕ ਹੋਇਆ ਕਿ ਇਹ ਹੱਤਿਆ ਹੈ। ਉਨ੍ਹਾਂ ਨੇ ਕਿਹਾ, “ਬੱਚੇ ਦੇ ਨੇੜੇ ਇੱਟਾਂ-ਰੋੜੇ ਪਏ ਸਨ ਅਤੇ ਸੱਟਾਂ ਦੀ ਗੰਭੀਰਤਾ ਦੇਖ ਕੇ ਲੱਗਦਾ ਨਹੀਂ ਕਿ ਇਹ ਸਿਰਫ਼ ਹਾਦਸਾ ਹੈ।”
ਸੂਚਨਾ ਮਿਲਦੇ ਹੀ ਮਜੀਠਾ ਪੁਲਿਸ ਦੀ ਟੀਮ ਮੌਕੇ ’ ੇ ਪਹੁੰਚ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ, ਇਸ ਲਈ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫ਼ਿਲਹਾਲ ਪਿੰਡ ਵਿੱਚ ਤਣਾਅ ਭਰਿਆ ਮਾਹੌਲ ਹੈ। ਲੋਕ ਇਕੱਠੇ ਹੋ ਕੇ ਬੱਚੇ ਦੇ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ ਅਤੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜਾਂਚ ਜਾਰੀ ਹੈ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਇਲਾਕੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਰਹੀ ਹੈ।







































