ਅੰਮ੍ਰਿਤਸਰ : ਨਹਿਰ ਕੋਲ ਕੂੜੇ ‘ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

0
33

ਅੰਮ੍ਰਿਤਸਰ, 13 ਨਵੰਬਰ | ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਹਾਲੀ ਨਹਿਰ ਦੇ ਨੇੜੇ ਪਏ ਕੂੜੇ ‘ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ। ਇਲਾਕਾ ਵਾਸੀਆਂ ਵੱਲੋਂ ਕੂੜੇ ਵਿੱਚੋਂ ਬੱਚੇ ਦੀ ਲਾਸ਼ ਦੇਖਣ ‘ਤੇ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਇਲਾਕਾ ਵਾਸੀਆਂ ਨੇ ਇਸ ਘਟਨਾ ਨੂੰ ਮਾਨਵਤਾ ਲਈ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਘਿਨਾਉਣੀ ਕਰਤੂਤ ਸਮਾਜ ਦੇ ਨੈਤਿਕ ਮੁੱਲਾਂ ‘ਤੇ ਵੱਡਾ ਸਵਾਲ ਚੁੱਕਦੀ ਹੈ। ਇੱਕ ਰਹਿਸ਼ੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ, “ਇਹ ਦੇਖ ਕੇ ਰੋਣ ਆਉਂਦਾ ਹੈ ਕਿ ਕੋਈ ਆਪਣੇ ਨਵਜੰਮੇ ਬੱਚੇ ਨੂੰ ਕੂੜੇ ਵਿੱਚ ਸੁੱਟ ਗਿਆ। ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਕਿ ਜਿੰਮੇਵਾਰ ਲੋਕਾਂ ਨੂੰ ਜਲਦੀ ਗਿਰਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।”

ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਦਾ ਜਨਮ ਹੁਣੇ ਹੀ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਅਧਿਕਾਰੀਆਂ ਮੁਤਾਬਕ ਬੱਚਾ ਪੂਰੀ ਤਰ੍ਹਾਂ ਨਵਜੰਮਿਆ ਲੱਗਦਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਯਤਨ ਜਾਰੀ ਹਨ। ਉੱਧਰ, ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਕਿਰਤ ਨੂੰ ਮਾਨਵਤਾ ਵਿਰੁੱਧ ਜੁਰਮ ਮੰਨਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ‘ਚ ਕੋਈ ਵਿਅਕਤੀ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਹਿੰਮਤ ਨਾ ਕਰੇ।