ਹਿਮਾਚਲ ਦੇ ਮੰਡੀ ‘ਚ ਫਟਿਆ ਬੱਦਲ, 2 ਦੀ ਮੌਤ

0
4354

ਮੰਡੀ 29 ਜੁਲਾਈ 2025 |– ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਸੋਮਵਾਰ ਦੇਰ ਰਾਤ ਬਾਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲਾਪਤਾ ਹਨ। 15 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਚੰਡੀਗੜ੍ਹ-ਮਨਾਲੀ ਅਤੇ ਮੰਡੀ-ਜੋਗਿੰਦਰਨਗਰ ਫੋਰਲੇਨ ਬੰਦ ਕਰ ਦਿੱਤੀ ਗਈ ਹੈ।

ਦੇਸ਼ ਦੇ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਏ ਤਾਂ ਰਾਜਸਥਾਨ ‘ਚ ਭਾਰੀ ਬਾਰਿਸ਼ ਕਾਰਨ ਕਈ ਜ਼ਿਲਿਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਚਿੱਤੌੜਗੜ੍ਹ, ਝਾਲਾਵਾੜ, ਕੋਟਾ, ਪਾਲੀ ਅਤੇ ਸਿਰੋਹੀ ‘ਚ ਘਰਾਂ ਤੱਕ ਪਾਣੀ ਵੜ ਗਿਆ ਹੈ। ਟੋਂਕ-ਚਿੱਤੌੜਗੜ੍ਹ ‘ਚ ਬਾਰਿਸ਼ ਨਾਲ ਹੋਏ ਹਾਦਸਿਆਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਭੀਲਵਾਡਾ ਦੇ ਬਿਜੌਲੀਆ ਖੇਤਰ ‘ਚ ਸੜਕਾਂ ‘ਤੇ ਕਿਸ਼ਤੀਆਂ ਚੱਲ ਰਹੀਆਂ ਹਨ। ਫਸੇ ਲੋਕਾਂ ਨੂੰ SDRF ਦੀ ਟੀਮ ਰੈਸਕਿਊ ਕਰ ਰਹੀ ਹੈ। ਅੱਜ ਰਾਜਸਥਾਨ ਦੇ 27 ਜ਼ਿਲਿਆਂ ‘ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੇਤਾਵਨੀ ਦੇ ਮੱਦੇਨਜ਼ਰ 11 ਜ਼ਿਲਿਆਂ ‘ਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ।

ਦੇਸ਼ ਭਰ ‘ਚ ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਆਰੰਜ਼ ਅਲਰਟ ਜਾਰੀ ਕੀਤਾ ਹੈ। ਪੂਰਬੀ ਰਾਜਸਥਾਨ ਦੇ 14 ਜ਼ਿਲਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।