ਗੈਂਗਸਟਰਾਂ ਦੇ ਨਾਂਅ ‘ਤੇ 5 ਲੱਖ ਦੀ ਫਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪਿੰਡ ਦਾ ਹੀ ਨਿਕਲਿਆ ਨੌਜਵਾਨ

0
4073

ਮਲੋਟ – ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ ਪੰਜ ਲੱਖ ਦੀ ਫਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਲੋਟ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਨੂੰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਅਤੇ ਇੱਕ ਮੈਸੇਜ ਕਰਕੇ ਪੰਜ ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ | ਲਿਖਤੀ ਮੈਸੇਜ ‘ਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਂਅ ਲਿਖੇ ਗਏ ਸਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ ਉਸ ‘ਚ ਵੀ ਗੋਲਡੀ ਬਰਾੜ ਦਾ ਜ਼ਿਕਰ ਕਰਦਿਆਂ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੇਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ | ਡੀਐਸਪੀ ਸੰਧੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਵੀ ਇਸੇ ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਜਸਪ੍ਰੀਤ ਸਿੰਘ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਕਿਨ੍ਹਾਂ ਗੈਂਗਸਟਰਾਂ ਨਾਲ ਸਬੰਧ ਹਨ ਜਾਂ ਇਸ ‘ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਇਹ ਸਭ ਪੁਲਿਸ ਰਿਮਾਂਡ ਲੈ ਕੇ ਫਿਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਫਿਲਹਾਲ ਜਸਪ੍ਰੀਤ ਸਿੰਘ ‘ਤੇ ਕੋਈ ਮਾਮਲਾ ਨਹੀਂ ਹੈ | ਦੱਸ ਦਈਏ ਕਿ ਪੁਲਿਸ ਨੂੰ ਜਸਪ੍ਰੀਤ ਸਿੰਘ ਲੱਕੜਵਾਲਾ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |