ਅਬੋਹਰ, 10 ਜਨਵਰੀ | ਅੱਜ ਸਵੇਰੇ ਨਵੀਂ ਸੜਕ ‘ਤੇ ਇੱਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਨਗਰ ਦੀ ਰਹਿਣ ਵਾਲੀ 45 ਸਾਲਾ ਸੋਨੀ ਦੇਵੀ ਵਜੋਂ ਹੋਈ ਹੈ।
ਇਹ ਘਟਨਾ ਆਭਾ ਚੌਕ ਦੇ 100 ਫੁੱਟ ਰੋਡ ‘ਤੇ ਵਾਪਰੀ। ਜਿੱਥੇ ਸੋਨੀ ਦੇਵੀ ਸਾਈਕਲ ‘ਤੇ ਬੱਸ ਸਟੈਂਡ ਵੱਲ ਜਾ ਰਹੀ ਸੀ। ਚੌਰਾਹੇ ‘ਤੇ ਮੁੜਦੇ ਸਮੇਂ ਪੀਆਰਟੀਸੀ ਦੀ ਬੱਸ ਨੇ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਬੱਸ ਹੇਠਾਂ ਆ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ ‘ਤੇ ਮੌਜੂਦ ਗਵਾਹਾਂ ਅਨੁਸਾਰ ਸੋਨੀ ਦੇਵੀ ਸਹੀ ਦਿਸ਼ਾ ਵੱਲ ਸਾਈਕਲ ਚਲਾ ਰਹੀ ਸੀ ਅਤੇ ਬੱਸ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾ 5 ਧੀਆਂ ਦੀ ਮਾਂ ਸੀ ਅਤੇ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ
ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ। ਫਿਲਹਾਲ ਪੁਲਿਸ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।