ਲੁਧਿਆਣਾ, 11 ਦਸੰਬਰ | ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨਿਗਮ ਚੋਣਾਂ ਵਿਚ ਟਿਕਟਾਂ ਦੀ ਵੰਡ ਵਿਚ ਬੁਰੀ ਤਰ੍ਹਾਂ ਪਛੜ ਗਈ ਹੈ। ਆਪ ਵਿਧਾਇਕ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟਾਂ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ‘ਆਪ’ ਦੇ ਅਧਿਕਾਰੀ ਅਤੇ ਪੁਰਾਣੇ ਵਰਕਰ ਵੀ ਟਿਕਟ ‘ਤੇ ਆਪਣੀ ਦਾਅਵੇਦਾਰੀ ਜਤਾ ਰਹੇ ਹਨ।
ਇੱਕ ਤਰ੍ਹਾਂ ਨਾਲ ਵਿਧਾਇਕ ਅਤੇ ਅਧਿਕਾਰੀ ਆਹਮੋ-ਸਾਹਮਣੇ ਹਨ। ਸੂਤਰਾਂ ਅਨੁਸਾਰ ਬੀਤੀ ਰਾਤ ਵੀ ਟਿਕਟ ਨੂੰ ਲੈ ਕੇ ‘ਆਪ’ ਵਿਧਾਇਕ ਅਤੇ ਪੁਰਾਣੇ ਵਰਕਰ ਵਿਚਾਲੇ ਤਿੱਖੀ ਬਹਿਸ ਹੋਈ, ਜੋ ਕਿ ਟਾਕ ਆਫ ਦਾ ਟਾਊਨ ਬਣ ਗਈ ਹੈ। ਜਿੱਥੇ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ ਆਪਣੇ ਵੱਡੇ ਬੇਟੇ ਅਮਨ ਬੱਗਾ ਲਈ ਟਿਕਟ ਦੀ ਮੰਗ ਕਰ ਰਹੇ ਹਨ।
ਇਸ ਦੇ ਨਾਲ ਹੀ ਲੋਕ ਸਭਾ ਚੋਣ ਲੜ ਚੁੱਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਆਪਣੇ ਭਰਾ ਰਾਕੇਸ਼ ਪਰਾਸ਼ਰ ਲਈ ਟਿਕਟ ਦੀ ਮੰਗ ਕਰ ਰਹੇ ਹਨ। ਬੱਗਾ ਦੇ ਪੁੱਤਰ ਅਮਨ ਬੱਗਾ ਨੇ ਟਿਕਟ ਮਿਲਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਉਮੀਦਵਾਰ ਵਜੋਂ ਲੋਕਾਂ ਤੋਂ ਸਮਰਥਨ ਮੰਗਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਵਿਧਾਇਕ ਗੁਰਪ੍ਰੀਤ ਗੋਗੀ ਆਪਣੀ ਪਤਨੀ ਸੁਖਚੈਨ ਬੱਸੀ ਲਈ ਪਾਰਟੀ ਹਾਈਕਮਾਂਡ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਨੇ ਵਿਧਾਇਕ ਗੋਗੀ ਦੇ ਵਾਰਡ ਤੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਰੀਬੀ ਇੰਦਰ ਦੀ ਪਤਨੀ ਨੂੰ ਟਿਕਟ ਦਿੱਤੀ ਹੈ।
ਟਿਕਟਾਂ ਦੀ ਵੰਡ ਵਿਚ ਆਮ ਆਦਮੀ ਪਾਰਟੀ ਦੇ ਪਛੜਨ ਦਾ ਮੁੱਖ ਕਾਰਨ ਟਿਕਟਾਂ ਨੂੰ ਲੈ ਕੇ ਵਰਕਰਾਂ ਵਿਚ ਚੱਲ ਰਹੀ ਖਿੱਚੋਤਾਣ ਦੱਸਿਆ ਜਾਂਦਾ ਹੈ। ਇਸ ਸਬੰਧੀ ਪਾਰਟੀ ਹਾਲੇ ਭੰਬਲਭੂਸੇ ਦੀ ਸਥਿਤੀ ਵਿਚ ਹੈ ਕਿਉਂਕਿ ਨਗਰ ਨਿਗਮ ਚੋਣਾਂ ਤੋਂ ਤੁਰੰਤ ਬਾਅਦ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਅਜਿਹੇ ‘ਚ ਪਾਰਟੀ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੇਗੀ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਇਸ ਕਾਰਨ ‘ਆਪ’ ਨਗਰ ਨਿਗਮ ਚੋਣਾਂ ਜਿੱਤਣ ਲਈ ਹਰ ਚਾਲ ਖੇਡੇਗੀ ਤਾਂ ਜੋ ਇਸ ਜਿੱਤ ਦੀ ਮਦਦ ਨਾਲ ਉਹ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਸਕੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)