ਫਾਜ਼ਿਲਕਾ, 11 ਦਸੰਬਰ | ਅਬੋਹਰ ਦੇ ਅਜੀਤ ਨਗਰ ਦੀ ਰਹਿਣ ਵਾਲੀ ਇਕ ਔਰਤ ਨੂੰ ਇਲਾਕੇ ਦੇ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ ਕਿਉਂਕਿ ਉਸ ਦਾ ਦਿਓਰ ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਭਜਾ ਲੈ ਗਿਆ। ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਸੋਮਾ ਰਾਣੀ ਦੇ ਪਤੀ ਤਾਰਾ ਚੰਦ ਨੇ ਦੱਸਿਆ ਕਿ ਉਸ ਦਾ ਭਰਾ ਜਗਦੀਸ਼ ਉਨ੍ਹਾਂ ਦੇ ਨੇੜੇ ਰਹਿੰਦਾ ਹੈ ਅਤੇ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਜਦਕਿ ਉਸ ਦੇ ਮਾਤਾ-ਪਿਤਾ ਪਿੰਡ ‘ਚ ਸਥਿਤ ਇਕ ਭੱਠੇ ‘ਤੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਬੀਤੇ ਦਿਨ ਜਗਦੀਸ਼ ਇਸੇ ਇਲਾਕੇ ਦੀ ਇਕ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ, ਜਿਸ ਬਾਰੇ ਉਸ ਨੂੰ ਪਤਾ ਵੀ ਨਹੀਂ ਸੀ।
ਬੀਤੀ ਰਾਤ ਪਰਿਵਾਰਕ ਮੈਂਬਰ ਭੱਠੇ ’ਤੇ ਕੰਮ ’ਤੇ ਗਏ ਹੋਏ ਸਨ ਤਾਂ ਉਸ ਦੀ ਪਤਨੀ ਸੋਮਾ ਘਰ ’ਚ ਇਕੱਲੀ ਸੀ। ਇਸੇ ਦੌਰਾਨ ਫਰਾਰ ਹੋਈ ਲੜਕੀ ਦੀ ਮਾਂ, ਮਾਸੀ ਅਤੇ ਹੋਰ ਪਰਿਵਾਰਕ ਮੈਂਬਰ ਉਸ ਦੇ ਘਰ ਆ ਗਏ। ਪਿੰਡ ਦਾ ਸਰਪੰਚ ਵੀ ਉਨ੍ਹਾਂ ਦੇ ਨਾਲ ਸੀ।
ਦੋਸ਼ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਰਪੰਚ ਦੀ ਮੌਜੂਦਗੀ ‘ਚ ਸੋਮਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਭੱਜ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਸੋਮਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
ਇੱਥੇ ਹਸਪਤਾਲ ਦੇ ਡਾਕਟਰ ਸੌਰਵ ਨਾਰੰਗ ਨੇ ਦੱਸਿਆ ਕਿ ਔਰਤ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਹੋਈ ਸੀ, ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਐਮਐਲਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਸਿਟੀ ਵਨ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਐਮ.ਐਲ.ਆਰ ਮਿਲਦਾ ਹੈ, ਉਸ ਨੂੰ ਚੌਂਕੀ ਸੀਡ ਫਾਰਮ ਭੇਜ ਦਿੱਤਾ ਜਾਵੇਗਾ, ਜਿੱਥੇ ਪੁਲਿਸ ਅਗਲੇਰੀ ਕਾਰਵਾਈ ਕਰੇਗੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)