ਲੁਧਿਆਣਾ ‘ਚ ਮਜ਼ਦੂਰਾਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਕਈ ਜ਼ਖਮੀ

0
291

ਲੁਧਿਆਣਾ, 11 ਦਸੰਬਰ | ਲੁਧਿਆਣਾ-ਅੰਬਾਲਾ ਜੀ.ਟੀ. ਰੋਡ ‘ਤੇ ਪਿੰਡ ਲਿਬੜਾ ਨੇੜੇ ਬੀਤੀ ਰਾਤ 8 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਧਾਗਾ ਫੈਕਟਰੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਹੁੰਡਈ ਗ੍ਰੈਂਡ ਵਿਟਾਰਾ ਕਾਰ ਨੇ ਸੜਕ ਕਿਨਾਰੇ ਖੜ੍ਹੀ ਧਾਗਾ ਫੈਕਟਰੀ ਦੇ ਮਜ਼ਦੂਰਾਂ ਨੂੰ ਉਤਾਰ ਰਹੀ ਬੱਸ ਨੰਬਰ ਪੀਵੀ 13 ਬੀਜੀ 8088 ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਕਾਰ ਦੋਵੇਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿਚ ਜ਼ਖਮੀਆਂ ਦੀ ਗਿਣਤੀ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਰਾਹਗੀਰਾਂ ਅਨੁਸਾਰ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਰਾਹਗੀਰਾਂ ਨੇ ਤੁਰੰਤ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸ.ਆਈ. ਸੁਖਦੇਵ ਸਿੰਘ ਦੀ ਅਗਵਾਈ ਹੇਠ ਐੱਸ.ਐੱਸ.ਐੱਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜੀ.ਟੀ. ਸੜਕ ‘ਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ।