ਲੁਧਿਆਣਾ ‘ਚ ਗਾਹਕ ਨੂੰ ਲੈ ਕੇ ਆਪਸ ‘ਚ ਭਿੜੇ 2 ਦੁਕਾਨਦਾਰ, ਕੁੱਟਮਾਰ ਕਰ ਕੇ ਸੜਕ ‘ਤੇ ਸੁੱਟਿਆ ਸਾਮਾਨ

0
954

 ਲੁਧਿਆਣਾ, 6 ਦਸੰਬਰ | ਜ਼ਿਲੇ ਦੇ ਗਾਂਧੀ ਨਗਰ ਬਾਜ਼ਾਰ, ਜੋ ਕਿ ਕੱਪੜਿਆਂ ਦੀ ਥੋਕ ਮੰਡੀ ਹੈ, ਵਿਚ ਇਕ ਗਾਹਕ ਨੂੰ ਲੈ ਕੇ ਬਾਜ਼ਾਰ ਦੇ ਦੋ ਦੁਕਾਨਦਾਰਾਂ ਵਿਚ ਆਪਸ ਵਿਚ ਲੜਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪਹਿਲਾਂ ਇਕ ਦੁਕਾਨਦਾਰ ‘ਤੇ ਦੂਜੇ ਦੁਕਾਨਦਾਰ ਅਤੇ ਉਸ ਦੇ ਕਰਮਚਾਰੀਆਂ ਨੇ ਹਮਲਾ ਕੀਤਾ, ਫਿਰ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟਿਆ। ਇਸ ਲੜਾਈ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਦਿਨ ਪੁਰਾਣੀ ਹੈ, ਜਿਸ ਵਿਚ ਦੁਕਾਨਦਾਰ ਆਪਸ ਵਿਚ ਲੜ ਰਹੇ ਹਨ। ਵੀਡੀਓ ‘ਚ ਇਕ ਦੁਕਾਨਦਾਰ ਅਤੇ ਉਸ ਦੇ ਕਰਮਚਾਰੀ ਦੂਜੇ ਦੁਕਾਨਦਾਰ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਜਦੋਂ ਕਿ ਆਸ-ਪਾਸ ਖੜ੍ਹੇ ਦੁਕਾਨਦਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਕੁਝ ਮੁਲਜ਼ਮ ਦੁਕਾਨਦਾਰ ਨੂੰ ਜ਼ਮੀਨ ‘ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟ ਰਹੇ ਹਨ।

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਵਪਾਰੀ ਨੂੰ ਉਸ ਲੋਹੇ ਦੇ ਬੈਂਚ ਨੂੰ ਚੁੱਕ ਕੇ ਕੁੱਟਿਆ ਗਿਆ, ਜਿਸ ‘ਤੇ ਉਹ ਬੈਠਦਾ ਸੀ ਅਤੇ ਉਸ ਦੀ ਦੁਕਾਨ ਦੇ ਬਾਹਰ ਰੱਖਿਆ ਸਾਮਾਨ ਵੀ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ। ਪੀੜਤ ਵਪਾਰੀ ਅਨੁਸਾਰ ਉਸ ਦਾ ਹਜ਼ਾਰਾਂ ਦਾ ਨੁਕਸਾਨ ਹੋਇਆ ਅਤੇ ਕੁਝ ਲੋਕਾਂ ਨੇ ਸ਼ਰੇਆਮ ਬਦਸਲੂਕੀ ਕੀਤੀ ਅਤੇ ਕੁੱਟਮਾਰ ਕੀਤੀ। ਜਿਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

ਮਾਮਲਾ ਇਕ ਗਾਹਕ ਦਾ ਦੱਸਿਆ ਜਾ ਰਿਹਾ ਹੈ। ਕੁਝ ਦੁਕਾਨਦਾਰਾਂ ਨੇ ਕਿਹਾ ਕਿ ਅਕਸਰ ਹੀ ਬਾਜ਼ਾਰ ਵਿਚ ਦੁਕਾਨਦਾਰ ਗਾਹਕਾਂ ਨੂੰ ਲੈ ਕੇ ਆਪਸ ਵਿਚ ਲੜਦੇ ਹਨ, ਜੋ ਕਿ ਗਲਤ ਹੈ। ਪੁਲਿਸ ਨੂੰ ਇੱਥੇ ਗਸ਼ਤ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਕੁਝ ਲੋਕ ਬਾਜ਼ਾਰ ਵਿਚ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਹਨ। ਪੁਲਿਸ ਨੂੰ ਇਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

ਮਾਮਲਾ ਵਧਦਾ ਦੇਖ ਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਦਖਲ ਦਿੱਤਾ, ਜਿਸ ਤੋਂ ਬਾਅਦ ਦੋਵੇਂ ਧੜਿਆਂ ਦੇ ਲੋਕ ਸ਼ਾਂਤ ਹੋਏ। ਥਾਣਾ ਡਵੀਜ਼ਨ ਨੰਬਰ 4 ਦੇ ਐਸ.ਐਚ.ਓ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।