ਲੁਧਿਆਣਾ : ਗੁਰਦੁਆਰੇ ਮੱਥਾ ਟੇਕ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹਾਲਤ ਗੰਭੀਰ

0
230

ਲੁਧਿਆਣਾ, 2 ਅਕਤੂਬਰ | ਐਲੀਵੇਟਿਡ ਪੁਲ ‘ਤੇ ਦੇਰ ਰਾਤ 19 ਸਾਲਾ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਡਿਵਾਈਡਰ ਨਾਲ ਟਕਰਾਉਣ ਕਾਰਨ ਨੌਜਵਾਨ ਦਾ ਸਿਰ ਫਰੈਕਚਰ ਹੋ ਗਿਆ। ਦੇਰ ਰਾਤ ਸੀਐਮਸੀ ਹਸਪਤਾਲ ਵਿਚ ਕਈ ਟੈਸਟ ਕੀਤੇ ਗਏ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨ ਦੇ ਸਿਰ ਵਿਚ ਕਿੰਨੀ ਸੱਟ ਲੱਗੀ ਹੈ। ਫਿਲਹਾਲ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀ ਨੌਜਵਾਨ ਦਾ ਨਾਂ ਕਰਨਵੀਰ ਸਿੰਘ ਹੈ।

ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਕਰਨਵੀਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਘਰ ਪਰਤਦੇ ਸਮੇਂ ਐਲੀਵੇਟਿਡ ਪੁਲ ‘ਤੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਕਰਨਵੀਰ ਦੀ ਬਾਈਕ 2 ਤੋਂ 3 ਵਾਰ ਪੁਲ ‘ਤੇ ਜਾ ਵੱਜੀ। ਕਰਨਵੀਰ ਸਰਕਾਰੀ ਕਾਲਜ ਦਾ ਵਿਦਿਆਰਥੀ ਹੈ।

ਕੁਝ ਲੋਕਾਂ ਨੇ ਕਰਨਵੀਰ ਦੇ ਪਿਤਾ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸੀਐੱਮਸੀ ਰੈਫਰ ਕਰ ਦਿੱਤਾ। ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਪਰਿਵਾਰ ਚਿੰਤਾ ਵਿਚ ਹੈ। ਕਰਨਵੀਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਸਵੇਰੇ ਕੋਤਵਾਲੀ ਥਾਣੇ ਨੂੰ ਸ਼ਿਕਾਇਤ ਦੇਣਗੇ।

ਘਟਨਾ ਵਾਲੀ ਥਾਂ ‘ਤੇ ਮੌਜੂਦ ਰਾਹਗੀਰ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਾਰ ‘ਚ ਜਾ ਰਿਹਾ ਸੀ। ਕਾਰ ਤੋਂ ਕੁਝ ਦੂਰੀ ‘ਤੇ ਇਕ ਨੌਜਵਾਨ ਤੇਜ਼ ਰਫਤਾਰ ਨਾਲ ਬਾਈਕ ਚਲਾ ਰਿਹਾ ਸੀ। ਅਚਾਨਕ ਸੰਤੁਲਨ ਵਿਗੜਨ ਕਾਰਨ ਉਸ ਦੀ ਬਾਈਕ ਡਿਵਾਈਡਰ ਨਾਲ ਟਕਰਾ ਗਈ। ਨੌਜਵਾਨ ਕਰੀਬ 8 ਤੋਂ 10 ਫੁੱਟ ਉੱਚੇ ਡਿਵਾਈਡਰ ‘ਤੇ ਚੜ੍ਹ ਗਿਆ। ਪੁਲ ਦੇ ਦੂਜੇ ਪਾਸੇ ਜਾ ਰਹੇ ਵਿਸ਼ਨੂੰ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਹ ਕਰੀਬ 25 ਮਿੰਟ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਦੇ ਰਹੇ। ਐਂਬੂਲੈਂਸ ਨਾ ਮਿਲਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਕ ਰਾਹਗੀਰ ਦੀ ਕਾਰ ਨੂੰ ਰੋਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ।