ਜਲੰਧਰ, 23 ਅਕਤੂਬਰ | ਸ਼ਹਿਰ ਵਿਚ ਔਰਤਾਂ ਨਾਲ ਛੇੜਛਾੜ (ਈਵ ਟੀਜ਼ਿੰਗ) ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਜਾਰੀ ਕਾਰਵਾਈ ਦੌਰਾਨ ਪੁਲਿਸ ਕਮਿਸ਼ਨਰ (ਸੀਪੀ) ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਅਜਿਹੇ ਅਪਰਾਧਾਂ ਵਿਰੁੱਧ 8 ਮਾਮਲਿਆਂ ਵਿਚ ਪ੍ਰੀਵੈਂਟਿਵ ਐਕਸ਼ਨ ਲੈਣ ਦੇ ਨਾਲ-ਨਾਲ 284 ਚਲਾਨ, 80 ਵਾਹਨਾਂ ਨੂੰ ਜ਼ਬਤ ਅਤੇ 18 ਮਾਮਲਿਆਂ ਵਿਚ ਮਾਪਿਆਂ ਨਾਲ ਕਾਉਂਸਲਿੰਗ ਕੀਤੀ ਹੈ। ਇਹ ਪਹਿਲਕਦਮੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਸਟ੍ਰੀਟ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਪਿਛਲੇ ਤਿੰਨ ਮਹੀਨਿਆਂ ਦੌਰਾਨ 150 ਤੋਂ ਵੱਧ ਚੈਕ-ਪੁਆਇੰਟ ਸਥਾਪਤ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਵਿਚ ਔਰਤਾਂ ਨਾਲ ਛੇੜਛਾੜ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣੀ ਕਿਸਮ ਦੀ ਨਵੀਂ ਅਤੇ ਕਾਰਗਰ ਰਣਨੀਤੀ ਤਿਆਰ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਨੇ ਹੈਲਪਲਾਈਨ ਨੰਬਰ 112 ‘ਤੇ ਪ੍ਰਾਪਤ ਹੋਈਆਂ ਘੱਟੋ-ਘੱਟ 28 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ ਅਤੇ ਸਕੂਲਾਂ, ਕਾਲਜਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਦੇ ਨੇੜੇ ਬਿਨਾਂ ਕਿਸੇ ਕਾਰਨਾਂ ਦੇ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਵੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਦੇ ਅਨੁਸਾਰ ਛੇੜਛਾੜ ਦੀਆਂ ਘਟਨਾਵਾਂ ਆਮ ਤੌਰ ‘ਤੇ ਦੇਰ ਸ਼ਾਮ 7 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਵਾਪਰਦੀਆਂ ਹਨ ਪਰ ਵਿਦਿਅਕ ਅਦਾਰਿਆਂ ਦਾ ਹੱਬ ਹੋਣ ਕਰ ਕੇ ਜਲੰਧਰ ਵਿਚ ਅਜਿਹੀਆਂ ਘਟਨਾਵਾਂ ਸਕੂਲ ਅਤੇ ਕਾਲਜ ਦੇ ਸਮੇਂ ਤੋਂ ਬਾਅਦ ਆਮ ਤੌਰ ‘ਤੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਦੇ ਦਰਮਿਆਨ ਵੀ ਰਿਪੋਰਟ ਕੀਤੀਆਂ ਗਈਆਂ ਹਨ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਐਕਸ਼ਨ ਪਲਾਨ ਵਿਚ ਈਵ ਟੀਜ਼ਿੰਗ ਦੀਆਂ ਘਟਨਾਵਾਂ ਦੀ ਨਿਗਰਾਨੀ ਅਤੇ ਰੋਕਥਾਮ ਲਈ ਪੂਰੇ ਸ਼ਹਿਰ ਵਿਚ ਨਾਕੇ ਲਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਸੰਸਥਾਵਾਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਈਵ ਟੀਜ਼ਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਤੋਂ ਭਾਰਤ ਵਿਚ ਜਨਤਕ ਥਾਵਾਂ ‘ਤੇ ਔਰਤਾਂ ਨਾਲ ਛੇੜਛਾੜ ਦੀਆਂ ਵਧਦੀਆਂ ਘਟਨਾਵਾਂ ਦੇ ਨਾਲ, ਈਵ ਟੀਜ਼ਿੰਗ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਰ ਕੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ, ਜਿਸ ਨਾਲ ਔਰਤਾਂ ਦੀ ਮਨੋਵਿਗਿਆਨਕ ਸਥਿਤੀ ਅਤੇ ਨਿੱਜੀ ਸੁਰੱਖਿਆ ਦੀ ਭਾਵਨਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲਿੰਗ ਸਮਾਨਤਾ ‘ਤੇ ਸਿੱਖਿਆ ਦੀ ਘਾਟ ਅਤੇ ਮੀਡੀਆ ਵਿਚ ਔਰਤਾਂ ਦੀ ਆਬਜੈਕਟੀਫਿਕੇਸ਼ਨ ਅਜਿਹੇ ਸਮਾਜਿਕ ਰਵੱਈਏ ਨੂੰ ਜਨਮ ਦਿੰਦੇ ਹਨ, ਜੋ ਔਰਤਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਸਕੂਲਾਂ/ਕਾਲਜਾਂ/ਸੰਸਥਾਵਾਂ ਵਿਚ ਜਨਤਕ ਜਾਗਰੂਕਤਾ ਵਧਾਉਣ ਅਤੇ ਲਿੰਗ ਸਮਾਨਤਾ ‘ਤੇ ਕੇਂਦਰਿਤ ਕਮਿਊਨਿਟੀ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਹਿਯੋਗੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਹੋਰ ਕਾਰਗਰ ਬਣਾਉਣ ਲਈ ਪੁਲਿਸ ਦੀ ਮੌਜੂਦਗੀ ਵਧਾਈ ਗਈ ਹੈ, ਨਿਗਰਾਨੀ ਵਧਾਉਣ ਲਈ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਨਿਯਮਤ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਰਿਸਪਾਂਸ ਸਿਸਟਮ (ਆਆਰਐਸ) ਵਹੀਕਲ ਦਿਨ ਵੇਲੇ ਸਕੂਲਾਂ ਦੇ ਨੇੜੇ ਤੇ ਰਾਤ ਨੂੰ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਤਾਇਨਾਤ ਰਹਿੰਦੇ ਹਨ।
ਸੀਪੀ ਸਵਪਨ ਸ਼ਰਮਾ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਅਜਿਹੇ ਅਪਰਾਧਾਂ ਦੀ ਰਿਪੋਰਟ ਤੁਰੰਤ 112, 1091 ਅਤੇ 1098 ਸਮੇਤ ਜਾਰੀ ਹੈਲਪਲਾਈਨ ਨੰਬਰਾਂ ‘ਤੇ ਕਰਨ ਦੀ ਅਪੀਲ ਕੀਤੀ ਤਾਂ ਜੋ ਅਜਿਹੇ ਅਪਰਾਧਾਂ ਦੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਲੋਕਾਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਨੂੰ ਸਮਰਥਨ ਦਾ ਹੁੰਗਾਰਾ ਭਰਿਆ। ਇਸਦੇ ਨਾਲ ਹੀ ਔਰਤਾਂ ਨੇ ਈਵ ਟੀਜ਼ਿੰਗ ਪ੍ਰਤੀ ਆਪਣੀਆਂ ਚਿੰਤਾਵਾਂ ਅਤੇ ਅਨੁਭਵ ਸਾਂਝੇ ਕੀਤੇ। ਮੌਕੇ ‘ਤੇ ਮੌਜੂਦ ਇੱਕ ਅਧਿਆਪਕਾ ਪ੍ਰਿਆ ਸ਼ਰਮਾ ਨੇ ਜਨਤਕ ਥਾਵਾਂ ‘ਤੇ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਅਤੇ ਇਨ੍ਹਾਂ ਦੇ ਹੱਲ ਲਈ ਸਖ਼ਤ ਉਪਾਵਾਂ ਦੀ ਲੋੜ ‘ਤੇ ਜ਼ੋਰ ਦਿੱਤਾ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)



































