ਗੁਰਦਾਸਪੁਰ, 22 ਅਕਤੂਬਰ | ਅਹਿਮਦਾਬਾਦ ਪਿੰਡ ਦੇ ਰਹਿਣ ਵਾਲੇ 39 ਸਾਲਾ ਸੁਖਵਿੰਦਰ ਸਿੰਘ ਦੀ ਸ਼ਾਰਜਾਹ ‘ਚ ਮੌਤ ਹੋ ਗਈ। ਸੁਖਵਿੰਦਰ ਸਿੰਘ ਜੋ ਕਿ 14 ਮਹੀਨੇ ਪਹਿਲਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸ਼ਾਰਜਾਹ ਗਿਆ ਸੀ, ਦੀ ਉੱਥੇ ਅਚਾਨਕ ਮੌਤ ਹੋ ਗਈ। ਪਰਿਵਾਰਕ ਮੈਂਬਰ ਭਾਰੀ ਪ੍ਰੇਸ਼ਾਨੀ ਵਿਚ ਹਨ ਅਤੇ ਪ੍ਰਸ਼ਾਸਨ ਤੋਂ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਵਿਚ ਮਦਦ ਕਰਨ ਦੀ ਬੇਨਤੀ ਕਰ ਰਹੇ ਹਨ।
ਮ੍ਰਿਤਕ ਸੁਖਵਿੰਦਰ ਸਿੰਘ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਸੁਖਵਿੰਦਰ ਸਿੰਘ ਨੂੰ ਖੂਨ ਦੀਆਂ ਉਲਟੀਆਂ ਆ ਗਈਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸੁਖਵਿੰਦਰ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਵਿਧਵਾ ਮਾਤਾ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਬਹੁਤ ਹੀ ਮਿਹਨਤੀ ਨੌਜਵਾਨ ਸੀ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਜਿਸ ਦੀ ਅੱਜ ਅਚਾਨਕ ਮੌਤ ਹੋ ਗਈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰਕ ਮੈਂਬਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਇਸ ਦੁੱਖਦਾਈ ਖਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।