ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਵਿਦੇਸ਼ ‘ਚ ਨੌਕਰੀ ਦਾ ਝਾਂਸਾ ਦੇਣ ਵਾਲੀਆਂ 18 ਟਰੈਵਲ ਏਜੰਸੀਆਂ ਖਿਲਾਫ ਕੀਤਾ ਕੇਸ ਦਰਜ

0
1101

ਚੰਡੀਗੜ੍ਹ, 14 ਅਕਤੂਬਰ | ਪੰਜਾਬ ਪੁਲਿਸ ਨੇ ਸੂਬੇ ਵਿਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੀਆਂ 18 ਟਰੈਵਲ ਏਜੰਸੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਏਜੰਸੀਆਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਰੁਜ਼ਗਾਰ ਸਬੰਧੀ ਗ਼ੈਰ-ਕਾਨੂੰਨੀ ਇਸ਼ਤਿਹਾਰ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਗਸਤ ਵਿਚ 25 ਟਰੈਵਲ ਏਜੰਸੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।

ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ੀ ਨੌਕਰੀਆਂ ਲਈ ਅਜਿਹੀਆਂ ਟਰੈਵਲ ਏਜੰਸੀਆਂ ਦੁਆਰਾ ਦਿੱਤੇ ਗਏ ਇਸ਼ਤਿਹਾਰਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ. ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਇਹ ਟਰੈਵਲ ਏਜੰਸੀਆਂ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਬਿਨਾਂ ਜ਼ਰੂਰੀ ਲਾਇਸੈਂਸਾਂ ਅਤੇ ਇਜਾਜ਼ਤਾਂ ਦੇ ਵਿਦੇਸ਼ੀ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ।

ਅੰਮ੍ਰਿਤਸਰ, ਮੋਹਾਲੀ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਸਮੇਤ ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿਚ ਇਮੀਗ੍ਰੇਸ਼ਨ ਐਕਟ ਦੀ ਧਾਰਾ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 18 ਨਵੀਆਂ ਐਫਆਈਆਰਜ਼ ਵਿੱਚੋਂ ਸਤੰਬਰ ਮਹੀਨੇ ਵਿਚ 6 ਅਤੇ ਅਕਤੂਬਰ ਵਿਚ 12 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਮੋਹਾਲੀ ‘ਚ ਸਭ ਤੋਂ ਵੱਧ ਚਾਰ ਏਜੰਸੀਆਂ ਖਿਲਾਫ ਕਾਰਵਾਈ
ਮੁਹਾਲੀ ਵਿਚ ਚਾਰ, ਅੰਮ੍ਰਿਤਸਰ ਵਿਚ ਤਿੰਨ, ਬਠਿੰਡਾ, ਪਟਿਆਲਾ, ਲੁਧਿਆਣਾ ਵਿਚ ਦੋ-ਦੋ, ਮੋਗਾ, ਤਰਨਤਾਰਨ, ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਚ ਇੱਕ-ਇੱਕ ਏਜੰਸੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)