ਹੁਸ਼ਿਆਰਪੁਰ, 8 ਅਕਤੂਬਰ | ਕਸਬਾ ਦਸੂਹਾ ਨੇੜੇ ਐਂਬੂਲੈਂਸ ਅਤੇ ਖੜ੍ਹੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ ਕਰੀਬ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿੱਚੋਂ ਕੁਝ ਦਸੂਹਾ ਦੇ ਇੱਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਸ ਦੌਰਾਨ 2 ਵਿਅਕਤੀਆਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਦਸੂਹਾ ਨੇੜੇ ਅੱਡਾ ਟੱਕਰ ਸਾਹਿਬ ਨੇੜੇ ਨੈਸ਼ਨਲ ਹਾਈਵੇ ‘ਤੇ ਵਾਪਰਿਆ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਐਂਬੂਲੈਂਸ ਵਿਚ ਸਵਾਰ ਸੁਨੀਲ ਅਤੇ ਡਰਾਈਵਰ ਅਰੁਣ ਨੇ ਦੱਸਿਆ ਕਿ ਉਹ ਮਰੀਜ਼ ਨੂੰ ਲੈ ਕੇ ਰਾਤ ਕਰੀਬ 9 ਵਜੇ ਜੰਮੂ ਦੇ ਬਖਸ਼ੀ ਨਗਰ ਹਸਪਤਾਲ ਤੋਂ ਲੁਧਿਆਣਾ ਲਈ ਰਵਾਨਾ ਹੋਏ ਸਨ। ਜਦੋਂ ਅਸੀਂ ਤੜਕੇ 3 ਵਜੇ ਦੇ ਕਰੀਬ ਅੱਡਾ ਟੱਕਰ ਸਾਹਿਬ ਨੇੜੇ ਪਹੁੰਚੇ ਤਾਂ ਐਂਬੂਲੈਂਸ ਬੇਕਾਬੂ ਹੋ ਕੇ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਈ।
ਹਾਦਸੇ ‘ਚ ਡਰਾਈਵਰ ਸਮੇਤ ਸਾਹਮਣੇ ਬੈਠਾ ਅਮਿਤ ਕੁਮਾਰ ਬੁਰੀ ਤਰ੍ਹਾਂ ਨਾਲ ਫਸ ਗਿਆ ਤੇ ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਇਲਾਕੇ ਦੀ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ, ਜਿਸ ਵੱਲੋਂ ਗੰਭੀਰ ਜ਼ਖਮੀ ਅਮਿਤ ਤੇ ਹੋਰਨਾਂ ਨੂੰ ਐਂਬੂਲੈਂਸ ਰਾਹੀਂ ਬਾਹਰ ਕੱਢ ਕੇ ਦਸੂਹਾ ਤੇ ਮੁਕੇਰੀਆਂ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ।
ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਦਸੂਹਾ ਪੁਲਿਸ ਵੱਲੋਂ ਉਕਤ ਸਾਰੇ ਮਾਮਲੇ ‘ਚ ਦੋਵੇਂ ਵਾਹਨ ਜ਼ਬਤ ਕਰ ਲਏ ਗਏ ਹਨ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ‘ਚ ਮਾਰੀ ਗਈ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।