ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੀ ਨਹੀਂ ਖੈਰ, AGTF ਨੇ 5 ਗੈਂਗਸਟਰਾਂ ਦੀ ਕਰਵਾਈ ਵਿਦੇਸ਼ਾਂ ਤੋਂ ਹਵਾਲਗੀ

0
688

ਪੰਜਾਬ, 12 ਸਤੰਬਰ | ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਦਾ ਗਠਨ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸੀ। ਏ.ਜੀ.ਟੀ.ਐੱਫ. ਦਾ ਗਠਨ ਗੈਂਗਸਟਰਾਂ ਦੇ ਨਾਲ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਤਿੱਖੀ ਨਜ਼ਰ ਰੱਖ ਰਿਹਾ ਹੈ। ਗੈਂਗਸਟਰਾਂ ਵੱਲੋਂ ਆਪਣਾ ਪ੍ਰਭਾਵ ਪਾਉਣ-ਲਈ ਵਰਤੇ ਜਾਂਦੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਏ.ਜੀ.ਟੀ.ਐੱਫ. ਨੇ 132 ਫੇਸਬੁੱਕ ਅਤੇ 71 ਇੰਸਟਾਗ੍ਰਾਮ ਅਕਾਊਂਟ ਵੀ ਬਲਾਕ ਕੀਤੇ ਹਨ।

ਏ.ਜੀ.ਟੀ.ਐੱਫ. ਨੇ 6 ਅਪ੍ਰੈਲ, 2022 ਤੋਂ ਲੈ ਕੇ 9 ਸਤੰਬਰ, 2024 ਤੱਕ ਦੇ ਸਮੇਂ ਦੌਰਾਨ ਵਿਦੇਸ਼ਾਂ ਤੋਂ 5 ਗੈਂਗਸਟਰਾਂ ਦੀ ਹਵਾਲਗੀ ਕਰਵਾ ਕੇ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਹੈ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਦੀ ਵੀ ਏ.ਜੀ.ਟੀ.ਐੱਫ. ਵੱਲੋਂ ਹੀ ਅਜ਼ਰਬਾਈਜਾਨ ਤੋਂ ਹਵਾਲਗੀ ਕਰਵਾਈ ਗਈ ਹੈ। ਇਸ ਦੇ ਨਾਲ ਹੀ ਏ.ਜੀ.ਟੀ.ਐੱਫ ਇੰਟਰਨੈੱਟ ਮੀਡੀਆ ‘ਤੇ ਵੀ ਗੈਂਗਸਟਰਾਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖ ਰਹੀ ਹੈ।

ਏ.ਜੀ.ਟੀ.ਐੱਫ. ਗੈਂਗਸਟਰਾਂ ਦੀਆਂ ਇਤਰਾਜ਼ਯੋਗ ਪੋਸਟਾਂ ਅਪਲੋਡ ਕਰਨ ਵਾਲੇ 203 ਇੰਟਰਨੈੱਟ ਮੀਡੀਆ ਅਕਾਊਂਟਸ ਨੂੰ ਵੀ ਬਲਾਕ ਕਰ ਚੁੱਕੀ ਹੈ। ਏ.ਜੀ.ਟੀ.ਐੱਫ. ਨੇ 2022 ਤੋਂ ਲੈ ਕੇ ਹੁਣ ਤੱਕ ਦੇਸ਼ ਤੋਂ 1408 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ 12 ਗੈਂਗਸਟਰ ਤੇ 505 ਗੈਂਗਾਂ ਦੇ ਮੈਂਬਰ ਸ਼ਾਮਲ ਹਨ। ਇਸ ਦੌਰਾਨ 132 ਹਥਿਆਰ ਅਤੇ 292 ਵਾਹਨ ਵੀ ਜ਼ਬਤ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਸੰਯੁਕਤ ਅਰਬ ਅਮੀਰਾਤ, ਅਜ਼ਰਬਾਈਜਾਨ ਅਤੇ ਹਾਂਗਕਾਂਗ ਤੋਂ 1-1 ਤੇ ਫਿਲੀਪੀਨਜ਼ ਤੋਂ 2 ਗੈਂਗਸਟਰਾਂ ਨੂੰ ਹਵਾਲਗੀ ਤਹਿਤ ਭਾਰਤ ਲਿਆਂਦਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਤੋਂ ਵਿਕਰਮਜੀਤ ਸਿੰਘ ਬਰਾੜ, ਉਰਫ਼ ਵਿੱਕੀ ਵਾਸੀ ਰਾਜਸਥਾਨ, ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਅਜ਼ਰਬਾਈਜਾਨ ਤੋਂ ਗੈਂਗਸਟਰ ਸਚਿਨ ਥਾਪਨ ਵਾਸੀ ਪਿੰਡ ਦੁਤਰਾਵਲੀ, ਜ਼ਿਲ੍ਹਾ ਫ਼ਾਜ਼ਿਲਕਾ ਜਦਕਿ ਵਿੱਕੀ ਗੌਂਡਰ ਗੈਂਗ ਦੇ ਰਮਨਜੀਤ ਸਿੰਘ ਉਰਫ਼ ਰੋਮੀ ਵਾਸੀ ਬੰਗੀ ਕਲਾਂ, ਜ਼ਿਲ੍ਹਾ ਬਠਿੰਡਾ ਦੀ ਹਾਂਗਕਾਂਗ ਤੋਂ ਹਵਾਲਗੀ ਕਰਵਾਈ ਗਈ। ਇਨ੍ਹਾਂ ਤੋਂ ਇਲਾਵਾ ਗੈਂਗਸਟਰ ਮਨਪ੍ਰੀਤ ਸਿੰਘ ਵਾਸੀ ਪਿੰਡ ਬੂਈਆਂਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਕੈਨੇਡਾ ਸਥਿਤ ਅਤਿਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਸਾਥੀ ਗੈਂਗਸਟਰ ਮਨਦੀਪ ਸਿੰਘ ਨੂੰ ਫਿਲੀਪੀਨਜ਼ ਤੋਂ ਲਿਆਂਦਾ ਗਿਆ ਹੈ।