ਜਲੰਧਰ ਦੀ ਜਿੱਤ ਤੋਂ ਬਾਅਦ ਆਪ ਲੀਡਰਾਂ ‘ਚ ਖੁਸ਼ੀ, ਥਾਂ-ਥਾਂ ਵੰਡੇ ਜਾ ਰਹੇ ਲੱਡੂ

0
2403

ਜਲੰਧਰ/ਅੰਮ੍ਰਿਤਸਰ/ਲੁਧਿਆਣਾ, 13 ਜੁਲਾਈ | ਜਲੰਧਰ ਵੈਸਟ ਸੀਟ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਇਕ ਵਾਰ ਫਿਰ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਲੰਧਰ ਦੇ ਕਾਉਂਟਿੰਗ ਸੈਂਟਰ ਦੇ ਬਾਹਰ ਦੂਜੇ-ਤੀਜੇ ਰਾਊਂਡ ਤੋਂ ਬਾਅਦ ਹੀ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿੱਤ ਨਜ਼ਦੀਕ ਆਉਂਦਿਆਂ ਹੀ ਜਸ਼ਨ ਸ਼ੁਰੂ ਹੋ ਗਿਆ ਸੀ।

ਕਾਉਂਟਿੰਗ ਸੈਂਟਰ ਦੇ ਬਾਹਰ ਮਾਈਨਾਰਿਟੀ ਕਮੀਸ਼ਨ ਪੰਜਾਬ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ, ਆਪ ਲੀਡਰ ਰਾਜਵਿੰਦਰ ਥਿਆੜਾ ਸਮਰਥਕਾਂ ਦੇ ਨਾਲ ਪਹੁੰਚੇ ਅਤੇ ਵਰਕਰਾਂ ਨੂੰ ਲੱਡੂ ਵੰਡੇ।

ਦੂਜੇ ਪਾਸੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਲੱਡੂ ਵੰਡ ਢੋਲ ਵਜਾ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾ ਰਹੀ ਹੈ।

ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵਰਕਰਾਂ ਅਤੇ ਨੇਤਾਵਾਂ ਦੇ ਨਾਲ ਖੁਸ਼ੀ ਮਨਾਈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਜਿਹੜੀ ਜਲੰਧਰ ਦੀ ਜਿਮਨੀ ਚੋਣ ਦੀ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਉਸ ਨੂੰ ਲੈ ਕੇ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦੇ ਵਿੱਚ ਵੀ ਕਾਫੀ ਖੁਸ਼ੀ ਹੈ।
ਧਾਲੀਵਾਲ ਨੇ ਕਿਹਾ- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਲੋਕ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ।