ਅੰਮ੍ਰਿਤਸਰ | ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ‘ਚ ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿਚ ਤਲਵਾਰਾਂ ਫੜ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇੱਥੇ ਪੁੱਜੀ ਭੀੜ ਨੇ ਸਾਕਾ ਨੀਲਾ ਤਾਰਾ ਵਿਚ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਫੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ।
ਪੰਜਾਬ ‘ਚ 2 ਦਿਨ ਪਹਿਲਾਂ ਐਲਾਨੇ ਗਏ ਲੋਕ ਸਭਾ ਚੋਣ ਨਤੀਜਿਆਂ ‘ਚ 2 ਖਾਲਿਸਤਾਨ ਸਮਰਥਕਾਂ ਨੇ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿਚ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਸ਼ਾਮਲ ਹੈ, ਜਿਸ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ।
ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਅੰਮ੍ਰਿਤਪਾਲ ਦੀ ਮਾਤਾ ਅਤੇ ਫਰੀਦਕੋਟ ਤੋਂ ਚੁਣੇ ਗਏ ਸੰਸਦ ਮੈਂਬਰ ਸਰਬਜੀਤ ਖਾਲਸਾ ਨੇ ਵੀ ਸ਼ਿਰਕਤ ਕੀਤੀ। ਭਾਵੇਂ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਪਹਿਲਾਂ ਹੀ ਉਥੋਂ ਰਵਾਨਾ ਹੋ ਗਈ ਸੀ ਪਰ ਨਵੇਂ ਸੰਸਦ ਮੈਂਬਰ ਖਾਲਸਾ ਅਜੇ ਵੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਹਨ।
ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੀ ਚੌਕਸ ਹਨ। ਹਰਿਮੰਦਰ ਸਾਹਿਬ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਤੋਂ ਇਲਾਵਾ ਬਠਿੰਡਾ ਦੇ ਤਲਵੰਡੀ ਸਾਬੋ ‘ਚ ਵੀ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਹਾਲਾਂਕਿ ਫਿਲਹਾਲ ਕਿਧਰੋਂ ਵੀ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਹੈ।