ਲੁਧਿਆਣਾ ‘ਚ ਪਿਟਬੁਲ ਕੁੱਤੇ ਨੂੰ ਲੈ ਕੇ ਆਪਸ ‘ਚ ਭਿੜੇ ਗੁਆਂਢੀ, ਚੱਲੇ ਇੱਟਾਂ-ਰੋੜੇ

0
2289

ਲੁਧਿਆਣਾ |  ਬੀਤੀ ਰਾਤ EWS ਕਾਲੋਨੀ ਜੰਗ ਦਾ ਮੈਦਾਨ ਬਣ ਗਈ। ਕਾਲੋਨੀ ‘ਚ ਰਹਿੰਦੇ ਦੋ ਘਰਾਂ ‘ਤੇ ਦਿਨ-ਦਿਹਾੜੇ ਇੱਟਾਂ-ਪੱਥਰਾਂ ਨਾਲ ਭਾਰੀ ਪਥਰਾਅ ਕੀਤਾ ਗਿਆ। ਇਸ ਦੌਰਾਨ ਗੁਆਂਢੀ ਲੜਕੀ ਦੇ ਸਿਰ ‘ਤੇ ਵੀ ਬੋਤਲ ਨਾਲ ਵਾਰ ਕੀਤਾ ਗਿਆ। ਜਿਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਹਮਲੇ ‘ਚ ਸ਼ਾਮਲ ਦੋਵਾਂ ਧਿਰਾਂ ਦਾ ਪੁਰਾਣਾ ਆਪਸੀ ਝਗੜਾ ਹੈ।

ਪਹਿਲੀ ਧਿਰ ਨੇ ਘਰ ‘ਚ ਪਿਟਬੁੱਲ ਕੁੱਤਾ ਰੱਖਿਆ ਹੋਇਆ ਹੈ, ਜਿਸ ਕਾਰਨ ਦੂਜੀ ਧਿਰ ਉਨ੍ਹਾਂ ਦਾ ਲੰਬੇ ਸਮੇਂ ਤੋਂ ਵਿਰੋਧ ਕਰਦੀ ਆ ਰਹੀ ਹੈ। ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਪਿੱਟਬੁਲ ਗੁਆਂਢੀਆਂ ਦੀ ਛੱਤ ‘ਤੇ ਘੁੰਮਦਾ ਦੇਖਿਆ ਗਿਆ, ਜੋ ਵੀਡੀਓ ‘ਚ ਇੱਕ ਛੋਟੇ ਕੁੱਤੇ ਨੂੰ ਮਾਰਦਾ ਨਜ਼ਰ ਆ ਰਿਹਾ ਹੈ।
ਪਿੱਟਬੁਲ ਦੀ ਆਪਸੀ ਰੰਜਿਸ਼ ਕਾਰਨ ਬੀਤੇ ਦਿਨ ਦੋਵਾਂ ਧਿਰਾਂ ਵਿਚਾਲੇ ਕਾਫੀ ਤਕਰਾਰ ਵੀ ਹੋਈ। ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 7 ਦੇ ਏਐਸਆਈ ਕੁਲਦੀਪ ਸਿੰਘ ਦੀ ਕਾਰ ਨੂੰ ਵੀ ਘੇਰ ਲਿਆ, ਜੋ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੇ ਸਨ।

ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਜਾਂਚ ਲਈ ਆਏ ਪੁਲੀਸ ਅਧਿਕਾਰੀ ਵੱਲੋਂ ਹਿਰਾਸਤ ‘ਚ ਲਿਆ ਗਿਆ ਨੌਜਵਾਨ ਇੱਟ-ਪੱਥਰ ਚਲਾਉਣ ‘ਚ ਸ਼ਾਮਲ ਨਹੀਂ ਸੀ। ਲੋਕਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੀ ਮੋਨਾ ਨੇ ਦੱਸਿਆ ਕਿ 12 ਮਾਰਚ ਨੂੰ ਰਾਤ 12 ਵਜੇ ਵਿੱਕੀ, ਸੰਨੀ ਅਤੇ ਕਰਨ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਇਹ ਲੋਕ ਪਹਿਲਾਂ ਵੀ ਮੇਰੀ ਭੈਣ ਨਾਲ ਲੜ ਚੁੱਕੇ ਸਨ। ਉਸ ਸਮੇਂ ਵੀ ਇਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਦੇ ਚੱਲਦਿਆਂ ਇਨ੍ਹਾਂ ਲੋਕਾਂ ਨੇ ਮੁੜ ਹਮਲਾ ਕੀਤਾ ਹੈ। ਮੋਨਾ ਮੁਤਾਬਕ ਉਸ ਦਾ ਪਤੀ ਨਹੀਂ ਹੈ। ਉਹ 4 ਬੱਚਿਆਂ ਨਾਲ ਘਰ ਵਿਚ ਇਕੱਲੀ ਰਹਿੰਦੀ ਹੈ।

ਉਸ ਕੋਲ ਕੋਈ ਪਿਟਬੁਲ ਕੁੱਤਾ ਨਹੀਂ ਹੈ। ਪਹਿਲਾਂ ਉਸ ਦੀ ਭੈਣ ਕੋਲ ਇਕ ਕੁੱਤਾ ਸੀ ਪਰ ਉਹ ਮਰ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਪਾਰਕ ‘ਚ ਦੱਬ ਦਿੱਤਾ ਹੈ। ਉਸ ਦਾ ਗੁਆਂਢੀ ਉਸ ਉੱਤੇ ਬੁਰੀ ਨਜ਼ਰ ਰੱਖਦਾ ਹੈ। ਉਸ ਦੀ ਧੀ ਨਾਲ ਅਫੇਅਰ ਚੱਲ ਰਿਹਾ ਸੀ। ਮੁੰਡੇ ਘਰ ਆਏ ਹੋਏ ਸਨ। ਇਸ ਦੌਰਾਨ ਅਗਲੇ ਦਿਨ ਫਿਰ ਗੁਆਂਢੀਆਂ ਨੇ ਘਰ ‘ਤੇ ਇੱਟਾਂ, ਪੱਥਰ ਅਤੇ ਬੋਤਲਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ।

ਉਧਰ ਦੂਜੇ ਪਾਸੇ ਦੀ ਔਰਤ ਸਵਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਸੰਜੇ ਉਸ ਦੀ ਮੋਬਾਈਲ ਦੀ ਦੁਕਾਨ ਦੇ ਬਾਹਰ ਖੜ੍ਹਾ ਸੀ। ਗੁਆਂਢੀ ਮੋਨਾ ਦੇ ਦੋਸਤਾਂ ਬਿੱਟੂ, ਸਲੀਮ ਅਤੇ ਕੁਝ ਲੋਕਾਂ ਨੇ ਬੇਟੇ ਨੂੰ ਘੇਰ ਲਿਆ। ਉਨ੍ਹਾਂ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸਵਿਤਾ ਮੁਤਾਬਕ ਮੋਨਾ ਕੋਲ ਪਿਟਬੁਲ ਕੁੱਤਾ ਹੈ। ਉਸ ਕੁੱਤੇ ਨੇ ਉਸ ਦੇ ਪੁੱਤਰ ਨੂੰ ਵੀ ਵੱਢ ਲਿਆ ਹੈ, ਜਿਸ ਕਾਰਨ ਇਹ ਵਿਵਾਦ ਪੈਦਾ ਹੋ ਗਿਆ। ਮੋਨਾ ਨੇ ਕੁਝ ਲੋਕਾਂ ਨੂੰ ਆਪਣੀ ਦੁਕਾਨ ‘ਤੇ ਭੇਜਿਆ, ਜਿਨ੍ਹਾਂ ਨੇ ਦੁਕਾਨ ਦੀ ਭੰਨਤੋੜ ਕੀਤੀ

ਪਥਰਾਅ ਤੋਂ ਬਾਅਦ ਏਐਸਆਈ ਕੁਲਦੀਪ ਸਿੰਘ ਇਲਾਕੇ ‘ਚ ਗਸ਼ਤ ਕਰ ਰਹੇ ਸਨ। ਪੁਲਿਸ ਨੇ ਇਕ ਨਾਬਾਲਗ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਫੜਿਆ ਪਰ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ। ਲੋਕਾਂ ਨੇ ਨਾਬਾਲਗ ਨੂੰ ਥਾਣੇ ਲਿਜਾ ਰਹੇ ਪੁਲਿਸ ਅਧਿਕਾਰੀ ਦੀ ਕਾਰ ਨੂੰ ਘੇਰ ਲਿਆ। ਇਸ ਦੌਰਾਨ ਦੋਵੇਂ ਧਿਰਾਂ ਪੁਲਿਸ ਅਧਿਕਾਰੀ ਦੇ ਸਾਹਮਣੇ ਸੜਕ ਦੇ ਵਿਚਕਾਰ ਮੁੜ ਭਿੜ ਗਈਆਂ।

ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਲਿਆ ਗਿਆ ਹੈ। ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।