ਵਿਆਹੁਤਾ ਔਰਤ ਨੇ ਨਹਿਰ ‘ਚ ਛਾਲ ਮਾਰ ਕੇ ਦਿੱਤੀ ਜਾਨ, ਬੱਚਾ ਨਾ ਹੋਣ ਕਾਰਨ ਸਹੁਰੇ ਕਰਦੇ ਸੀ ਪ੍ਰੇਸ਼ਾਨ

0
9221

 ਸ੍ਰੀ ਮੁਕਤਸਰ ਸਾਹਿਬ, 7 ਮਾਰਚ | ਵਿਆਹੁਤਾ ਔਰਤ ਨੇ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ‘ਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਵਿਆਹ ਦੇ 6 ਸਾਲ ਬਾਅਦ ਵੀ ਬੱਚਾ ਨਾ ਹੋਣ ਕਾਰਨ ਉਸ ਦੇ ਸਹੁਰੇ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ‘ਤੇ ਥਾਣਾ ਚੱਕ ਸ਼ੇਰੇਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਪਤੀ ਰਾਜਬਿੰਦਰ ਸਿੰਘ ਉਰਫ਼ ਕਾਲੀ, ਸਹੁਰਾ ਗੁਰਮੀਤ ਸਿੰਘ, ਸੱਸ ਪਾਲ ਕੌਰ ਤੇ ਤਰਸੇਮ ਸਿੰਘ ਵਾਸੀ ਚੱਕ ਸ਼ੇਰੇਵਾਲਾ ਵਜੋਂ ਹੋਈ ਹੈ। ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਨਜੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਚੱਕ ਸ਼ੇਰੇਵਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਗਗਨਦੀਪ ਕੌਰ ਦਾ ਆਪਣੇ ਪਿੰਡ ਦੇ ਹੀ ਰਾਜਬਿੰਦਰ ਸਿੰਘ ਉਰਫ਼ ਕਾਲੀ ਨਾਲ ਪ੍ਰੇਮ ਵਿਆਹ ਹੋਇਆ ਸੀ, ਉਨ੍ਹਾਂ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਸਨ ਅਤੇ ਉਸ ਕੋਲ ਅਜੇ ਕੋਈ ਬੱਚਾ ਨਹੀਂ ਸੀ।

ਅਸੀਂ ਸਾਡੀ ਧੀ ਦੇ ਸਹੁਰੇ, ਉਸ ਦੇ ਹਰ ਸੁੱਖ-ਦੁੱਖ ਵਿਚ ਸ਼ਾਮਲ ਹੁੰਦੇ ਸੀ। ਮੇਰੀ ਧੀ ਨੂੰ ਬੱਚਾ ਨਾ ਹੋਣ ਕਾਰਨ ਉਸ ਦੇ ਸਹੁਰੇ ਵਾਲੇ ਉਸ ਨੂੰ ਤਾਅਨੇ ਮਾਰਦੇ ਸਨ ਤੇ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਦੀ ਕਈ ਵਾਰ ਕੁੱਟਮਾਰ ਵੀ ਹੋਈ ਤੇ ਬੀਤੇ ਦਿਨ ਚੱਕ ਸ਼ੇਰੇਵਾਲਾ ਤੋਂ ਆਪਣੀ ਜਾਨ ਬਚਾ ਕੇ ਆਪਣੀ ਭੈਣ ਸੀਮਾ ਕੌਰ ਕੋਲ ਮੇਰੀ ਲੜਕੀ ਮੁਕਤਸਰ ਆ ਗਈ ਤੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਮੇਰੀ ਲੜਕੀ ਨੇ ਰਾਜਸਥਾਨ ਫੀਡਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਗਗਨਦੀਪ ਕੌਰ ਦੇ ਬਿਆਨਾਂ ਦੇ ਆਧਾਰ ‘ਤੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।