ਸ਼ੁਭਕਰਨ ਦਾ ਭੋਗ ਸਮਾਗਮ ਅੱਜ, ਦੇਸ਼ ਭਰ ਦੇ ਕਿਸਾਨ ਆਗੂ ਬਠਿੰਡਾ ‘ਚ ਹੋਣਗੇ ਇਕੱਠੇ, ਦਿੱਲੀ ਕੂਚ ਨੂੰ ਲੈ ਕੇ ਕਰ ਸਕਦੇ ਨੇ ਵੱਡਾ ਐਲਾਨ

0
7997

ਬਠਿੰਡਾ, 3 ਮਾਰਚ | ਐਤਵਾਰ ਯਾਨੀ ਅੱਜ ਬਠਿੰਡਾ ਦੇ ਪਿੰਡ ਬੱਲੋ ‘ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਭੋਗ ਸਮਾਗਮ ਹੈ। ਇਸ ‘ਚ ਦੇਸ਼ ਭਰ ਦੇ ਕਿਸਾਨ ਆਗੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਅੱਜ ਕਿਸਾਨ ਜਥੇਬੰਦੀਆਂ ਆਪਣੀ ਅਗਲੀ ਰਣਨੀਤੀ ਅਤੇ ਦਿੱਲੀ ਮਾਰਚ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀਆਂ ਹਨ। ਦੂਜੇ ਪਾਸੇ ਭਾਰੀ ਬਰਸਾਤ ਦੇ ਬਾਵਜੂਦ ਕਿਸਾਨ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਵਲੋਗਰਜ਼ ਭਾਨਾ ਸਿੱਧੂ, ਲੱਖਾ ਸਿਧਾਣਾ ਅਤੇ ਜਸਵਿੰਦਰ ਬਰਾੜ ਨੇ ਸ਼ੰਭੂ ਸਰਹੱਦ ‘ਤੇ ਪਹੁੰਚ ਕੇ ਆਪਣੇ ਸੰਬੋਧਨਾਂ ਰਾਹੀਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ।

ਸ਼ਨੀਵਾਰ ਨੂੰ ਪਏ ਮੀਂਹ ਕਾਰਨ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਕੰਬਲ, ਗੱਦੇ ਅਤੇ ਹੋਰ ਸਾਮਾਨ ਗਿੱਲਾ ਹੋ ਗਿਆ ਹੈ। ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਕਿਸਾਨ ਹਰ ਤਰ੍ਹਾਂ ਦੇ ਮੌਸਮ ‘ਚ ਕੰਮ ਕਰਨ ਦੇ ਆਦੀ ਹਨ, ਇਸ ਲਈ ਮੀਂਹ ਕਿਸਾਨਾਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਦਾ।

ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਆਗੂਆਂ ਦੇ ਫੈਸਲੇ ਦੀ ਉਡੀਕ ਹੈ। ਨਹੀਂ ਤਾਂ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਲਗਾਤਾਰ ਆਪਣੇ ਪਿੰਡਾਂ ਨੂੰ ਵੀ ਸੰਦੇਸ਼ ਭੇਜ ਰਹੇ ਹਨ ਕਿ ਫਸਲਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਦੇ ਕੇ ਸਰਹੱਦ ‘ਤੇ ਹਾਜ਼ਰੀ ਵਧਾਈ ਜਾਵੇ। ਅਜਿਹਾ ਕਰ ਕੇ ਹੀ ਸਰਕਾਰਾਂ ‘ਤੇ ਦਬਾਅ ਬਣਾਇਆ ਜਾ ਸਕਦਾ ਹੈ।

ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆਗੂ ਅੱਜਕੱਲ ਬਠਿੰਡਾ ਵਿਖੇ ਸ਼ੁਭ ਦੇ ਭੋਗ ਸਮਾਗਮ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਕਿਸਾਨ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਇਸ ਭੋਗ ਸਮਾਗਮ ‘ਚ ਵੱਡੀ ਗਿਣਤੀ ‘ਚ ਪਹੁੰਚਣ ਦੀ ਅਪੀਲ ਕੀਤੀ | ਪੰਧੇਰ ਨੇ ਕਿਹਾ ਹੈ ਕਿ ਖਾਸ ਕਰਕੇ ਐਤਵਾਰ ਵਾਲੇ ਦਿਨ ਪੰਜਾਬ ‘ਚ ਕੋਈ ਵੀ ਅਜਿਹਾ ਘਰ ਨਹੀਂ ਬਚਣਾ ਚਾਹੀਦਾ ਜਿੱਥੋਂ ਕੋਈ ਵੀ ਭੋਗ ਸਮਾਗਮ ‘ਚ ਸ਼ਾਮਲ ਨਾ ਹੋ ਸਕੇ। ਇਹੀ ਸ਼ਹੀਦ ਸ਼ੁਭਕਰਨ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ 19 ਦਿਨ ਹੋ ਗਏ ਹਨ। ਇਸ ਦੇ ਬਾਵਜੂਦ ਮੋਰਚਾ ਲਗਾਤਾਰ ਵਧ ਰਿਹਾ ਹੈ। ਪੰਧੇਰ ਨੇ ਇੱਕ ਵਾਰ ਫਿਰ ਕੇਂਦਰ ਤੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਅਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਉਠਾਈ ਹੈ।