CM ਮਾਨ ਨੇ ਭਾਜਪਾ ਸਾਂਸਦ ‘ਤੇ ਕੱਸਿਆ ਤੰਜ, ਕਿਹਾ – ਸੰਨੀ ਦਿਓਲ ਨੇ ਬਾਰਡਰ ਪਾਰ ਤਾਂ ਕਈ ਨਲਕੇ ਪੁੱਟੇ, ਆਪਣੇ ਇਲਾਕੇ ‘ਚ ਲਾਉਣਾ ਭੁੱਲਿਆ

0
13036

ਗੁਰਦਾਸਪੁਰ/ਪਠਾਨਕੋਟ, 25 ਫਰਵਰੀ | CM ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਪਾਰੀਆਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਹਲਕੇ ਵਿਚ ਤਾਂ ਕੀ ਆਉਣਾ ਸੀ ਉਹ ਤਾਂ ਕਦੇ ਸੰਸਦ ਵਿਚ ਹੀ ਨਹੀਂ ਗਿਆ। ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਹੈ, ਸਿਆਸਤ ਤਾਂ 24 ਘੰਟੇ ਵਾਲੀ ਡਿਊਟੀ ਹੈ।

ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਬਾਰਡਰ ਪਾਰ ਤਾਂ ਕਈ ਨਲਕੇ ਪੁੱਟ ਦਿੱਤੇ ਪਰ ਇਥੇ ਇਕ ਵੀ ਨਲਕਾ ਨਹੀਂ ਲਾਇਆ। ਭਗਵੰਤ ਮਾਨ ਨੇ ਕਿਹਾ ਕਿ ਸੰਨੀ ਦਿਓਲ ਨੇ ਇਥੇ ਆ ਕੇ ਢਾਈ ਕਿਲੋ ਦਾ ਹੱਥ ਵਿਖਾ ਦਿੱਤਾ ਪਰ ਬਾਅਦ ਵਿਚ ਇਕ ਕਿਲੋ ਦਾ ਵੀ ਨਹੀਂ ਰਿਹਾ। ਸੀਐਮ ਮਾਨ ਨੇ ਕਿਹਾ ਕਿ ਐਤਕੀਂ ਭਾਜਪਾ ਵਾਲੇ ਕਿਸੇ ਹੋਰ ਨੂੰ ਲੈ ਕੇ ਆਉਣਗੇ। ਵੋਟਾਂ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਪਾਓ ਅਤੇ ਜਿਤਾਓ।

ਉਨ੍ਹਾਂ ਕਿਹਾ ਕਿ ਮੈਂ ਕੋਈ ਇਥੇ ਸਿਆਸਤ, ਸ਼ਕਤੀ ਪ੍ਰਦਰਸ਼ਨ ਕਰਨ ਜਾਂ ਕਿਸੇ ਨੂੰ ਕੋਈ ਨੀਵਾਂ ਵਿਖਾਉਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਹਿਲਾਂ ਚੰਡੀਗੜ੍ਹ ਆਉਣਾ ਵੀ ਮੁਸ਼ਕਲ ਹੁੰਦਾ ਸੀ। ਸਾਡੀ ਸਰਕਾਰ ਆਉਣ ‘ਤੇ ਅਸੀਂ ਟੋਲ ਟੈਕਸ ਬੰਦ ਕਰਵਾਏ। ਹੁਣ ਸਰਕਾਰ ਪਿੰਡਾਂ ਤੋਂ ਚੱਲ ਰਹੀ ਹੈ। ਸਰਕਾਰ ਦਾ ਮਕਸਦ ਹਰ ਸਮੱਸਿਆ ਨੂੰ ਸੁਣਨਾ ਅਤੇ ਹੱਲ ਕਰਨਾ ਹੁੰਦਾ ਹੈ। ਪਠਾਨਕੋਟ ਏਅਰਪੋਰਟ ਬਾਰੇ ਕੇਂਦਰ ਨਾਲ ਗੱਲਬਾਤ ਕਰਾਂਗੇ।

ਪਠਾਨਕੋਟ ਤੋਂ ਦਿੱਲੀ ਲਈ ਹਫ਼ਤੇ ਵਿਚ 2-3 ਫਲਾਈਟਾਂ ਸ਼ੁਰੂ ਕਰਾਵਾਂਗੇ। ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਕੁਝ ਕੀਤੇ ਸਾਡਾ 2 ਸਾਲਾਂ ਵਿਚ ਰੈਵੇਨਿਊ ਬੇਹੱਦ ਵੱਧ ਗਿਆ ਹੈ। ਹੁਣ ਵਪਾਰੀ ਖ਼ੁਦ ਹੀ ਆਪਣਾ ਟੈਕਸ ਦੇਣ ਲੱਗ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਚੰਗੇ ਬੰਦੇ ਆ ਗਏ ਹਨ ਅਤੇ ਸਾਡਾ ਪੈਸਾ ਸਾਡੇ ‘ਤੇ ਹੀ ਲਾਉਣਗੇ।