ਪਾਕਿਸਤਾਨ, 5 ਫਰਵਰੀ | ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ‘ਚ ਇਕ ਪੁਲਿਸ ਥਾਣੇ ‘ਤੇ ਹੋਏ ਹਮਲੇ ‘ਚ ਘੱਟੋ-ਘੱਟ 10 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਮਲੇ ‘ਚ 6 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਦਰਬਨ ਤਹਿਸੀਲ ‘ਚ ਤੜਕੇ ਅੱਤਵਾਦੀਆਂ ਨੇ ਹਥਿਆਰਾਂ ਨਾਲ ਥਾਣੇ ‘ਤੇ ਹਮਲਾ ਕੀਤਾ।
ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਅਤੇ ਭਾਰੀ ਗੋਲਾਬਾਰੀ ਨਾਲ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਾਰੇ ਅੱਤਵਾਦੀ ਫਰਾਰ ਹੋ ਗਏ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।