ਚੰਡੀਗੜ੍ਹ, 30 ਜਨਵਰੀ | ਚੰਡੀਗੜ੍ਹ ਦੇ ਨਵੇਂ ਮੇਅਰ ਮਨੋਜ ਕੁਮਾਰ ਸੋਨਕਰ ਬਣੇ। ਭਾਜਪਾ ਨੇ ਫਿਰ ਮਾਰੀ ਬਾਜ਼ੀ। ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਬੈਲੇਟ ਪੇਪਰ ਖੋਲ੍ਹਣ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ ਤੇ BJP ਤੇ ‘ਆਪ’ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ ਸੀ। ਵੋਟਾਂ ਦੀ ਗਿਣਤੀ ਦੌਰਾਨ ਇਹ ਸਭ ਮਾਹੌਲ ਬਣਿਆ। ਹੁਣ ਮੇਅਰ ਦਾ ਐਲਾਨ ਹੋ ਗਿਆ ਹੈ।
ਪਰ ਇਸ ਵਿਚਾਲੇ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਚੋਣਾਂ ਵਿਚ ਧਾਂਦਲੀ ਹੋਈ ਹੈ। ਆਪ ਤੇ ਕਾਂਗਰਸ ਦੇ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਕੌਂਸਲਰਾਂ ਦੀਆਂ 8 ਵੋਟਾਂ ਕੈਂਸਲ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਇਸ ਧਾਂਦਲੀ ਖਿਲਾਫ ਹਾਈਕੋਰਟ ਦਾ ਰੁਖ਼ ਕਰਨਗੇ।
ਦੱਸ ਦਈਏ ਕਿ ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਦੇ ਮੇਅਰ ਦੀ ਚੋਣ ਹੈ। ਇਸ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਮੁਕਾਬਲਾ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਕੌਂਸਲਰ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਵੀ ਅਤੇ ਭਾਜਪਾ ਉਮੀਦਵਾਰ ਕੁਲਜੀਤ ਸਿੰਘ ਸੰਧੂ ਵਿਚਾਲੇ ਮੁਕਾਬਲਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਇਹ ਚੋਣ ਕਰਵਾਈ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਇਸ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਸੀ।
ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਵੀ ਵੋਟ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ ਇਕ ਕੌਂਸਲਰ ਹੈ। ਗਠਜੋੜ ਤੋਂ ਬਾਅਦ ‘ਆਪ’-ਕਾਂਗਰਸ ਕੋਲ 20 ਵੋਟਾਂ ਹਨ। ਜਦਕਿ ਭਾਜਪਾ ਕੋਲ 14 ਕੌਂਸਲਰਾਂ ਅਤੇ 1 ਸੰਸਦ ਮੈਂਬਰ ਦੀ ਵੋਟ ਹੈ। ਪਿਛਲੇ 2 ਸਾਲਾਂ ਤੋਂ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਮੇਅਰ ਸਨ ਕਿਉਂਕਿ ਉਦੋਂ ਕਾਂਗਰਸ ਨੇ ਚੋਣਾਂ ਵਿਚ ਹਿੱਸਾ ਨਹੀਂ ਲਿਆ ਸੀ ਪਰ ਇਸ ਵਾਰ ਗਠਜੋੜ ਨੇ ਭਾਜਪਾ ਦੀ ਸਾਰੀ ਖੇਡ ਵਿਗਾੜ ਦਿਤੀ ਹੈ। ਗਠਜੋੜ ਕਾਰਨ ਕਾਂਗਰਸ ਅਤੇ ‘ਆਪ’ ਦੀਆਂ ਵੋਟਾਂ ਭਾਜਪਾ ਨਾਲੋਂ ਵੱਧ ਹਨ।