ਲੁਧਿਆਣਾ ‘ਚ ਸਿਲੰਡਰ ਡਲਿਵਰੀ ਮੈਨ ਤੋਂ 48 ਹਜ਼ਾਰ ਦੀ ਲੁੱਟ, ਹਥਿਆਰਾਂ ਦੀ ਨੋਕ ‘ਤੇ ਬਦਮਾਸ਼ਾਂ ਨੇ ਅੰਜਾਮ ਦਿੱਤੀ ਘਟਨਾ

0
520

ਲੁਧਿਆਣਾ, 27 ਜਨਵਰੀ | ਇਥੋਂ ਦੇ ਚੰਦਰ ਨਗਰ ਨੇੜੇ ਪਹਾੜੀਆ ਡੇਅਰੀ ਨੇੜੇ ਦਿਨ-ਦਿਹਾੜੇ ਇਕ ਗੈਸ ਏਜੰਸੀ ਦੇ ਡਲਿਵਰੀ ਮੈਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ਉਤੇ ਲੁੱਟ ਲਿਆ ਗਿਆ। ਬਦਮਾਸ਼ਾਂ ਨੇ ਉਸ ਕੋਲੋਂ 48 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਆਟੋ ‘ਚ ਡਲਿਵਰੀ ਮੈਨ ਦੀ ਬਦਮਾਸ਼ਾਂ ਨਾਲ ਝੜਪ ਹੋ ਗਈ ਪਰ ਉਨ੍ਹਾਂ ਨੇ ਉਸ ਨੂੰ ਧੱਕਾ ਦੇ ਕੇ ਜ਼ਖਮੀ ਕਰ ਦਿੱਤਾ।

ਇਹ ਘਟਨਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਸਿਲੰਡਰ ਡਲਿਵਰੀ ਬੁਆਏ ਰਾਮ ਕ੍ਰਿਪਾਲ ਨੇ ਦੱਸਿਆ ਕਿ ਉਹ ਜਸਪਾਲ ਕਾਲੋਨੀ ਦਾ ਰਹਿਣ ਵਾਲਾ ਹੈ। 10 ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿਚ ਸਿਲੰਡਰ ਸਪਲਾਈ ਕਰ ਰਿਹਾ ਹੈ। ਉਹ ਗੈਸ ਏਜੰਸੀ ਤੋਂ ਸਿਲੰਡਰ ਆਟੋ ਵਿਚ ਲੋਡ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦਾ ਹੈ। ਜਦੋਂ ਉਹ ਚੰਦਰ ਨਗਰ ਨੇੜੇ ਪਹਾੜੀਆ ਡੇਅਰੀ ਕੋਲ ਪਹੁੰਚਿਆ ਤਾਂ ਬਾਈਕ ਸਵਾਰ 3 ਨੌਜਵਾਨ ਉਸ ਦੇ ਨੇੜੇ ਆ ਕੇ ਰੁਕ ਗਏ। ਬਦਮਾਸ਼ਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ।

ਰਾਮ ਕ੍ਰਿਪਾਲ ਨੇ ਕਿਹਾ ਕਿ ਜਦੋਂ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਗਰਦਨ ਵੱਢ ਦਿੱਤੀ। ਉਸ ਨੂੰ ਜ਼ਬਰਦਸਤੀ ਆਟੋ ਵਿਚ ਬਿਠਾ ਲਿਆ ਅਤੇ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਰਾਮ ਕ੍ਰਿਪਾਲ ਅਨੁਸਾਰ ਉਸ ਦੇ ਬੈਗ ਵਿਚ ਕੁੱਲ 48 ਹਜ਼ਾਰ ਰੁਪਏ ਸਨ। ਉਸ ਨੇ ਇਲਾਕੇ ‘ਚ ਕਾਫੀ ਰੌਲਾ ਵੀ ਪਾਇਆ ਪਰ ਲੁਟੇਰੇ ਬਾਈਕ ‘ਤੇ ਫਰਾਰ ਹੋ ਗਏ।

ਇਸ ਸਬੰਧੀ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੇ ਚਿਹਰਿਆਂ ਦਾ ਪਤਾ ਲਗਾ ਲਿਆ ਹੈ। ਥਾਣਾ ਹੈਬੋਵਾਲ ਦੀ ਪੁਲਿਸ ਅਨੁਸਾਰ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।