ਬਠਿੰਡਾ ਪੁਲਿਸ ਦੀ ਹਿਰਾਸਤ ‘ਚ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌ.ਤ, ਪਰਿਵਾਰ ਨੇ ਲਗਾਏ ਹੱਤਿਆ ਦੇ ਇਲਜ਼ਾਮ

0
1548

ਬਠਿੰਡਾ, 30 ਦਸੰਬਰ | ਬਠਿੰਡਾ ਦੇ ਕੈਂਟ ਥਾਣੇ ਵਿਚ 4 ਸਾਲ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਨੌਜਵਾਨ ਦੀ ਹਾਲਤ ਅਚਾਨਕ ਨਾਜ਼ੁਕ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਦੀ ਮੌਤ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਕਾਰਨ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਡੀਐਸਪੀ ਸਿਟੀ 2 ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।

ਦਰਅਸਲ 1 ਨਵੰਬਰ 2019 ਨੂੰ ਕੈਂਟ ਥਾਣਾ ਪੁਲਿਸ ਨੇ ਪਿੰਡ ਸਿਧਾਣਾ ਦੇ ਰਹਿਣ ਵਾਲੇ 23 ਸਾਲ ਦੇ ਮਨਮੋਹਨ ਸਿੰਘ ਖਿਲਾਫ ਲੁੱਟ ਦਾ ਮਾਮਲਾ ਦਰਜ ਕੀਤਾ ਸੀ, ਜਿਸ ‘ਚ ਉਹ ਫਰਾਰ ਹੋ ਗਿਆ ਸੀ। ਇਸ ਵੀਰਵਾਰ ਨੂੰ ਥਾਣਾ ਕੈਂਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮਨਮੋਹਨ ਸਿੰਘ ਨੂੰ ਉਸ ਦੇ ਪਿੰਡ ਸਿਧਾਣਾ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਹਿਰਾਸਤ ‘ਚ ਉਸ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਚਾਚੀ ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ ਵੀਰਵਾਰ ਸਵੇਰੇ ਉਸ ਦੇ ਭਤੀਜੇ ਨੂੰ ਕੈਂਟ ਪੁਲਿਸ ਨੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਦੁਪਹਿਰ ਬਾਅਦ ਉਹ ਆਪਣੇ ਭਤੀਜੇ ਨੂੰ ਮਿਲਣ ਲਈ ਕੈਂਟ ਥਾਣੇ ਗਈ ਸੀ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਵਾਪਸ ਆਈ ਤਾਂ ਭਤੀਜਾ ਮਨਮੋਹਨ ਠੀਕ-ਠਾਕ ਸੀ। ਸ਼ਾਮ ਨੂੰ ਜਦੋਂ ਉਹ ਫਿਰ ਖਾਣਾ ਲੈ ਕੇ ਕੈਂਟ ਥਾਣੇ ਪਹੁੰਚੀ ਤਾਂ ਦੱਸਿਆ ਗਿਆ ਕਿ ਉਸ ਦਾ ਭਤੀਜਾ ਬੀਮਾਰ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਦੋਂ ਉਹ ਉਥੇ ਪਹੁੰਚੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਚਾਚੀ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਭਤੀਜੇ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਭਤੀਜਾ ਤੁਰਨ ਤੋਂ ਅਸਮਰੱਥ ਸੀ। ਇਸ ਦੌਰਾਨ ਡੀਐਸਪੀ ਸਿਟੀ 2 ਨੇ ਦੋਸ਼ਾਂ ਦੀ ਜਾਂਚ ਕਰਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।