ਪੰਜਾਬ ‘ਚ ਧੁੰਦ ਦੀ ਸੰਘਣੀ ਚਾਦਰ ਨੇ ਵਾਹਨਾਂ ਦੀ ਰਫਤਾਰ ‘ਤੇ ਲਾਈ ਬਰੇਕ, ਠੰਡ ਨੇ ਵੀ ਫੜਿਆ ਹੋਰ ਜ਼ੋਰ

0
3105

ਚੰਡੀਗੜ੍ਹ, 26 ਦਸੰਬਰ| ਪਹਾੜੀ ਇਲਾਕਿਆਂ ਵਿੱਚ ਪੈ ਰਹੀ ਬਰਫ ਨੇ ਪੂਰੇ ਉੱਤਰ ਭਾਰਤ ਵਿੱਚ ਠੰਡ ਵਧਾ ਦਿੱਤੀ ਹੈ। ਠੰਡ ਦੇ ਵਧਣ ਕਾਰਨ ਧੁੰਦ ਦੀ ਚਿੱਟੀ ਚਾਦਰ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੈ। ਪੰਜਾਬ ਦੇ ਜ਼ਿਲ੍ਹੇ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਵਿੱਚ ਤਾਪਮਾਨ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਠੰਡ ਦਾ ਪ੍ਰਕੋਪ ਤੇ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ

ਹੁਣ ਪੰਜਾਬ ਵਿੱਚ ਠੰਡ ਬਹੁਤ ਜ਼ਿਆਦਾ ਵਧ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਵੀ  ਪੰਜਾਬ ਵਿੱਚ ਫਿਰ ਤੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹੇ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ। ਧੁੰਦ ਦੇ ਨਾਲ ਨਾਲ ਠੰਡ ਨੇ ਵੀ ਜੋਰ ਫੜਿਆ ਹੈ।

ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਸ ਪਾਸ ਸੰਘਣੀ ਧੁੰਦ ਛਾਈ ਹੋਈ ਹੈ। ਜੇਕਰ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਧੀਮੀ ਗਤੀ ਨਾਲ ਵਾਹਨ ਚਲ ਰਹੇ ਹਨ। ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਿਹਾ ਹੈ ਉਸ ਤੋਂ ਅੱਗੇ ਬਿਲਕੁਲ ਨਜ਼ਰ ਨਹੀਂ ਆ ਰਿਹਾ। ਜੇਕਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ, ਖਾਸ ਕਰ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੋਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ।

ਪੰਜਾਬ ‘ਚ ਬੀਤੇ ਦਿਨੀ ਸੰਘਣੀ ਧੁੰਦ ਛਾਈ ਰਹੀ। ਇਹੀ ਕਾਰਨ ਸੀ ਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਰੀਦਕੋਟ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ। ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਵਿਭਾਗ ਨੇ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।