ਬਠਿੰਡਾ : ਔਰਤਾਂ ਦਾ ਸਹਾਰਾ ਲੈ ਕੇ ਰਾਹਗੀਰ ਲੁੱਟਣ ਵਾਲੇ 5 ਗ੍ਰਿਫਤਾਰ, ਗਿਰੋਹ ਦੇ ਮਰਦ ਮੈਂਬਰ ਲੁੱਕ ਕੇ ਪਿੱਛੋਂ ਕਰਦੇ ਸਨ ਹਮਲਾ

0
1875

ਬਠਿੰਡਾ, 24 ਦਸੰਬਰ | ਇਥੋੋਂ ਦੀ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਇਕ ਅਜਿਹੇ ਲੁਟੇਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਔਰਤਾਂ ਦਾ ਸਹਾਰਾ ਲੈ ਕੇ ਰਾਹਗੀਰਾਂ ਨੂੰ ਲੁੱਟਦਾ ਸੀ। ਇਸ ਗਿਰੋਹ ‘ਚ 3 ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਹੁਣ ਉਕਤ ਤਿੰਨ ਔਰਤਾਂ ਸਮੇਤ 5 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਬਰਾਮਦ ਕੀਤੇ ਹਨ। ਉਕਤ ਗਿਰੋਹ ਦੀਆਂ ਔਰਤਾਂ ਰਾਹਗੀਰਾਂ ਤੋਂ ਮਦਦ ਬਹਾਨੇ ਉਨ੍ਹਾਂ ਨੂੰ ਰੋਕਦੀਆਂ ਸਨ ਅਤੇ ਗਿਰੋਹ ਦੇ ਮਰਦ ਮੈਂਬਰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਨ੍ਹਾਂ ਕੋਲੋਂ ਪੈਸੇ ਤੇ ਸਾਮਾਨ ਵਗੈਰਾ ਲੁੱਟ ਲੈਂਦੇ ਸਨ।

ਮਨਮੋਹਨ ਸਰਨਾ ਪੀਪੀਐੱਸ DSP ਡਿਟੈਕਟਿਵ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ-1 ਦੀ ਟੀਮ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ ਕਿ ਸੂਚਨਾ ਮਿਲੀ ਕਿ ਰਾਤ ਸਮੇਂ ਕੁਝ ਔਰਤਾਂ ਰਾਹਗੀਰਾਂ ਨੂੰ ਰੋਕ ਕੇ ਸਹਾਇਤਾ ਮੰਗਦੀਆਂ ਹਨ, ਜਦੋਂ ਕੋਈ ਵਿਅਕਤੀ ਸਹਾਇਤਾ ਲਈ ਔਰਤਾਂ ਕੋਲ ਰੁਕਦਾ ਸੀ ਤਾਂ ਲੁਕੇ ਹੋਏ ਇਨ੍ਹਾਂ ਦੇ ਸਾਥੀ ਉਸ ਉੱਪਰ ਹਮਲਾ ਕਰ ਦਿੰਦੇ ਸਨ ਅਤੇ ਲੁੱਟ-ਖੋਹ ਕਰ ਲੈਂਦੇ ਸਨ।

ਆਰੋਪੀਆਂ ਦੀ ਪਛਾਣ ਰਮਨੀਤ ਸ਼ਰਮਾ ਉਰਫ ਰੰਮੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗੁਰੂ ਕੀ ਨਗਰੀ ਬਠਿੰਡਾ, ਰਾਜ ਸ਼ੁਕਲਾ ਪੁੱਤਰ ਸੂਰਜ ਵਾਸੀ ਸੁਰਖਪੀਰ ਰੋਡ ਬਠਿੰਡਾ, ਗੁਰਜੀਤ ਕੌਰ ਉਰਫ ਕਰਮਜੀਤ ਪਤਨੀ ਜਸਵਿੰਦਰ ਸਿੰਘ ਵਾਸੀ ਨੰਨ੍ਹੀ ਛਾਂ ਚੌਕ ਬਠਿੰਡਾ, ਸਲੋਨੀ ਵਰਮਾ ਪੁੱਤਰੀ ਤਰਸੇਮ ਲਾਲ ਵਾਸੀ ਆਵਾ ਬਸਤੀ ਬਠਿੰਡਾ ਅਤੇ ਮਾਨਸੀ ਦੇਵੀ ਪਤਨੀ ਸ਼ੰਮੀ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਫੇਜ਼-1 ਮਾਡਲ ਟਾਊਨ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਆਰੋਪੀਆਂ ਖਿਲਾਫ ਥਾਣਾ ਕੋਤਵਾਲੀ ਬਠਿੰਡਾ ਵਿਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਬੇਸਬਾਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੇ ਗਿਰੋਹ ਵਿਚ ਕੌਣ-ਕੌਣ ਲੋਕ ਸ਼ਾਮਲ ਹਨ। ਡੀਐਸਪੀ ਸਰਨਾ ਨੇ ਦੱਸਿਆ ਕਿ ਫੜ੍ਹੇ ਗਏ ਲੁਟੇਰਿਆਂ ਦਾ ਪੁਰਾਣਾ ਰਿਕਾਰਡ ਵੀ ਅਪਰਾਧਿਕ ਹੈ। ਉਨ੍ਹਾਂ ਉਪਰ ਥਾਣਾ ਕੈਂਟ ਬਠਿੰਡਾ, ਥਾਣਾ ਕੋਤਲਵਾਲੀ, ਥਾਣਾ ਥਰਮਲ ਅਤੇ ਥਾਣਾ ਫੂਲ ਵਿਚ ਐਨਡੀਪੀਐਸ, ਧੋਖਾਧੜੀ ਅਤੇ ਚੋਰੀ ਦੇ ਚਾਰ ਮਾਮਲੇ ਦਰਜ ਹਨ।