ਜਲੰਧਰ, 22 ਦਸੰਬਰ | ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਨਹੀਂ ਰਹੇ। ਉਨ੍ਹਾਂ ਨੇ 97 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਉਹ ਪੰਜਾਬ ਦੇ ਸਾਹਿਤਕ ਚਿੱਤਰਕਾਰ ਸੀ ਅਤੇ ਅੰਮ੍ਰਿਤਾ ਪ੍ਰੀਤਮ ਨਾਲ ਮੁਹੱਬਤ ਕਰਕੇ ਸਾਹਿਤਕ ਹਲਕਿਆਂ ਵਿਚ ਖ਼ੂਬ ਜਾਣਿਆ ਪਛਾਣਿਆ ਨਾਂ ਰਿਹਾ ਸੀ।
ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ (ਪੱਛਮੀ) ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦਾ ਅਸਲ ਨਾਂ ਇੰਦਰਜੀਤ ਸੀ ਪਰ 1966 ਵਿਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ ਵਿਚ ਬਤੌਰ ਆਰਟਿਸਟ ਸ਼ਾਮਲ ਸੀ ਅਤੇ ਉਸ ਦਾ ਨਾਮ ਇੰਦਰਜੀਤ ਦੀ ਬਜਾਏ ਇਮਰੋਜ਼ ਜਾਣਿਆ ਜਾਣ ਲੱਗਾ ਸੀ। ਨਾਗਮਣੀ 35 ਸਾਲਾਂ ਤੋਂ ਵੀ ਵੱਧ, ਭਾਵ ਅੰਮ੍ਰਿਤਾ ਪ੍ਰੀਤਮ ਦੇ ਆਖਰੀ ਸਮੇਂ ਤੱਕ, ਛਪਦਾ ਰਿਹਾ ਅਤੇ ਇਮਰੋਜ਼ ਇਸ ਦੇ ਆਖਰੀ ਅੰਕ ਤੱਕ ਬਤੌਰ ਕਲਾਕਾਰ ਇਸ ਨਾਲ ਜੁੜੇ ਰਹੇ।
ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਰਹਿੰਦੇ ਸੀ ਅਤੇ ਉਨ੍ਹਾਂ ਨੇ ਅੰਮ੍ਰਿਤਾ ਦੇ ਮਰਨ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਕੁਝ ਕਿਤਾਬਾਂ ਵੀ ਛਪੀਆਂ ਸਨ। ਉਹ ਅੰਮ੍ਰਿਤਾ ਪ੍ਰੀਤਮ ਨਾਲ ਆਪਣੇ ਰਿਸ਼ਤੇ ਤੋਂ ਬਾਅਦ ਪ੍ਰਸਿੱਧ ਹੋ ਗਏ। ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ ਪਰ 40 ਸਾਲਾਂ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹੇ। ਅੰਮ੍ਰਿਤਾ ਉਨ੍ਹਾਂ ਨੂੰ “ਜੀਤ” ਕਹਿ ਕੇ ਬੁਲਾਉਂਦੀ ਸੀ। ਇਮਰੋਜ਼ ਨੇ ਜਗਜੀਤ ਸਿੰਘ ਦੀ “ਬਿਰਹਾ ਦਾ ਸੁਲਤਾਨ” ਅਤੇ ਬੀਬੀ ਨੂਰਾਨ ਦੀ “ਕੂਲੀ ਰਹਿ ਵਿਚਾਰ” ਸਮੇਤ ਕਈ ਮਸ਼ਹੂਰ ਐਲ ਪੀ ਦੇ ਕਵਰ ਡਿਜ਼ਾਈਨ ਕੀਤੇ।







































