ਜਲੰਧਰ, 20 ਦਸੰਬਰ | ਇਥੋਂ ਇਕ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਥਾਣਾ 1 ਅਧੀਨ ਆਉਂਦੇ ਨਾਗਰਾ ਫਾਟਕ ਨੇੜੇ ਤੋਂ ਆਇਆ ਹੈ। ਜਿਥੇ ਮੋਟਰਸਾਈਕਲ ਸਵਾਰ ਨੌਜਵਾਨ ਐਕਟਿਵਾ ਸਵਾਰ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ 4 ਵਜੇ ਵਾਪਰੀ। ਨੌਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਤਾਂ ਉਹ ਮੌਕੇ ‘ਤੇ ਪਹੁੰਚੇ ਤੇ ਪੀੜਤ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਸਬੰਧੀ ਸ਼ਿਵ ਨਗਰ ਗਲੀ ਨੰ. 3 ਦੇ ਰਹਿਣ ਵਾਲੇ ਮੁਹੰਮਦ ਤੌਸੀਫ਼ ਦੇ ਵਾਰਸਾਂ ਨੇ ਦੱਸਿਆ ਕਿ ਉਸ ਨੇ ਇੰਟਰਵਿਊ ਲਈ ਦਿੱਲੀ ਜਾਣ ਵਾਸਤੇ ਰੇਲਗੱਡੀ ਫੜਨ ਲਈ ਰੇਲਵੇ ਸਟੇਸ਼ਨ ਪਹੁੰਚਣਾ ਸੀ। ਜਦੋਂ ਉਹ ਐਕਟਿਵਾ ‘ਤੇ ਨਿਊ ਗੁਰੂ ਨਾਨਕ ਨਗਰ ਨੇੜੇ ਨਾਗਰਾ ਫਾਟਕ ਕੋਲ ਪਹੁੰਚਿਆ ਤਾਂ 2 ਮੋਟਰਸਾਈਕਲ ਸਵਾਰਾਂ ਨੇ ਉਸ ਦੀ ਐਕਟਿਵਾ ਰੋਕੀ ਤੇ ਬਿਨਾਂ ਗੱਲ ਕੀਤਿਆਂ ਉਸ ਦੀ ਐਕਟਿਵਾ ਖੋਹ ਲਈ।
ਇਸ ਦੌਰਾਨ ਹਮਲਾਵਰਾਂ ਨੇ ਨੌਜਵਾਨ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਥਾਣਾ 1 ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।