ਪੰਜਾਬੀ ਭਾਸ਼ਾ ਪ੍ਰਤੀ ਕਾਨੂੰਨੀ ਪੱਖ

0
12475

ਵਿਸ਼ਵ ਦੇ 150 ਮੁਲਕਾਂ ਵਿਚ ਤਕਰੀਬਨ 14 ਕਰੋੜ ਦੇ ਕਰੀਬ ਪੰਜਾਬੀ ਵਸੇ ਹੋਏ ਹਨ। ਪੰਜਾਬੀ ਦਾ ਮਾਣ-ਸਨਮਾਨ ਵਧਾ ਰਹੇ ਹਨ। ਪੰਜਾਬੀ ਸੰਸਾਰ ਦੀਆਂ ਕੁਝ ਜੀਵਤ ਪੁਰਾਣੀਆਂ ਭਾਸ਼ਾਵਾਂ ਦੇ ਨਾਲ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ 1600 ਭਾਸ਼ਾਵਾਂ ਵਿਚੋਂ ਇੱਕ ਹੈ। ਸਾਹਿਤਕ ਪੱਖ ਤੋਂ ਪੰਜਾਬੀ ਦਾ ਮੁੱਢ 9ਵੀਂ ਸਦੀ ਤੋਂ ਨਾਥਾਂ-ਜੋਗੀਆਂ ਦੇ ਸਾਹਿਤ ਨਾਲ ਬੱਝ ਜਾਂਦਾ ਹੈ। 12ਵੀਂ ਸਦੀ ਵਿਚ ਪੈਦਾ ਹੋਏ ਸ਼ੇਖ ਫ਼ਰੀਦ ਜੀ ਨੇ ਵੀ ਆਪਣੇ ਸ਼ਲੋਕਾਂ ਦੀ ਰਚਨਾ ਇਸੇ ਭਾਸ਼ਾ ਵਿਚ ਹੀ ਕੀਤੀ। ਬਾਅਦ ਵਿਚ ਗੁਰੂ ਸਾਹਿਬਾਨ, ਕਿੱਸਾਕਾਰਾਂ, ਆਧੁਨਿਕ ਕਵੀਆਂ, ਲੇਖਕਾਂ ਆਦਿ ਨੇ ਪੰਜਾਬੀ ਨੂੰ ਸਾਹਿਤਕ ਪੱਖ ਤੋਂ ਬਹੁਤ ਅਮੀਰ ਕਰ ਦਿੱਤਾ ਹੈ, ਪਰ ਜਦੋਂ ਅਸੀਂ ਕੰਮ-ਕਾਜ ਤੇ ਕਾਨੂੰਨੀ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਪੰਜਾਬੀ ਨੂੰ ਉਹ ਮਾਣ-ਸਨਮਾਨ ਨਹੀਂ ਮਿਲਿਆ ਜਿਹੜਾ ਕਿ ਮਿਲਣਾ ਚਾਹੀਦਾ ਹੈ।
ਸਾਹਿਤਕ ਖੇਤਰ ਵਿੱਚ ਤਾਂ ਪੰਜਾਬੀ ਦੀ ਵਰਤੋਂ 9ਵੀਂ ਸਦੀ ਵਿਚ ਸ਼ੁਰੂ ਹੋ ਗਈ ਸੀ ਪਰ ਪਹਿਲੀ ਵਾਰੀ ਵਿੱਦਿਆ ਦਾ ਮਾਧਿਅਮ ਬਣਾਉਣ ਦਾ ਸਿਹਰਾ ਔਰੰਗਜ਼ੇਬ ਆਲਮਗੀਰ ਦੇ ਸਿਰ ਬੱਝਦਾ ਹੈ। ਉਸ ਨੇ ਪਹਿਲੀ ਵਾਰੀ ਬੱਚਿਆਂ ਲਈ ਪੰਜਾਬੀ ਮਾਧਿਅਮ ਵਿਚ ਕਿਤਾਬਾਂ ਛਪਵਾਈਆਂ। ਇਸ ਦੀ ਪ੍ਰੋੜਤਾ ਹਾਫਿਜ਼ ਸੀਰਾਨੀ ਨੇ ਆਪਣੀ ਪੁਸਤਕ ‘ਪੰਜਾਬ ਮੇਂ ਉਰਦੂ’ ਵਿੱਚ ਕਰਦੇ ਹੋਏ ਕਿਹਾ, ‘ਆਲਮਗੀਰ ਦੇ ਸਮੇਂ ਵਿਚ ਬੱਚਿਆਂ ਲਈ ਕੁਝ ਪਾਠ-ਪੁਸਤਕਾਂ ਲਿਖਣੀਆਂ ਆਰੰਭ ਹੋਈਆਂ, ਜਿਨ੍ਹਾਂ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਸੀ। ਭਾਵੇਂ ਕਿ ਅਸੀਂ ਇੱਥੇ ਗੱਲ ਕਾਨੂੰਨੀ ਪੱਖ ਤੋਂ ਕਰ ਰਹੇ ਹਾਂ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੰਨਾ ਚਿਰ ਕੋਈ ਭਾਸ਼ਾ ਪੜ੍ਹਾਈ ਦਾ ਮਾਧਿਅਮ ਨਹੀਂ ਬਣਦੀ ਓਨਾ ਸਮਾਂ ਉਹ ਰਾਜ-ਕਾਜ ਦੀ ਭਾਸ਼ਾ ਨਹੀਂ ਬਣ ਸਕਦੀ।
ਜਦੋਂ ਰਾਜ ਦੇ ਕੰਮ-ਕਾਜ ਵਜੋਂ ਪੰਜਾਬੀ ਭਾਸ਼ਾ ਦੀ ਗੱਲ ਚੱਲਦੀ ਹੈ ਤਾਂ  ਸੌੜੀ ਸੋਚ ਵਾਲੇ ਲੋਕ ਇਹੀ ਕਹਿੰਦੇ ਹਨ ਕਿ ‘ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੀ ‘ਖਾਲਸਾ-ਦਰਬਾਰ’ ਦਾ ਸਾਰਾ ਕੰਮ-ਕਾਜ ਫ਼ਾਰਸੀ ਵਿਚ ਹੁੰਦਾ ਸੀ। ਜੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਸਰਪ੍ਰਸਤੀ ਨਹੀਂ ਦਿੱਤੀ ਜੋ ਕਿ ਪਹਿਲਾ ਸੁਤੰਤਰ ਸਿੱਖ ਸ਼ਾਸਕ ਸੀ, ਦੂਜਿਆਂ ਤੋਂ ਆਸ ਕਿਵੇਂ ਕੀਤੀ ਜਾ ਸਕਦੀ ਹੈ।’ ਇਸ ਤਰ੍ਹਾਂ ਅਜਿਹੇ ਲੋਕ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਕਹਿ ਕੇ ਆਪਣਾ ਮਨੋਰਥ ਪੂਰਾ ਕਰਨ ਦੀ ਚਾਲ ਵਿਚ ਰਹਿੰਦੇ ਹਨ। ਪੰਜਾਬੀ ਨੂੰ ਪਹਿਲੀ ਵਾਰ ਸਰਕਾਰੀ ਸਰਪ੍ਰਸਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੀ ਮਿਲੀ ਸੀ। ਮਹਾਰਾਜਾ ਵੱਲੋਂ ਪਹਿਲੇ ਸਾਰੇ ਫੁਰਮਾਨ ਪੰਜਾਬੀ ਵਿਚ ਲਿਖਵਾਏ ਜਾਂਦੇ ਸਨ। ਬਾਅਦ ਵਿਚ ਇਨ੍ਹਾਂ ਨੂੰ ਫ਼ਾਰਸੀ ਰੂਪ ਦਿੱਤਾ ਜਾਂਦਾ ਸੀ। ਇਹ ਠੀਕ ਹੈ ਕਿ ਬਾਅਦ ਵਿਚ ਦਰਬਾਰ ਦੀ ਭਾਸ਼ਾ ਫ਼ਾਰਸੀ ਸੀ ਪਰ ਇਸ ਦਾ ਮੁੱਖ ਕਾਰਨ ਅੰਦਰੂਨੀ ਸੁਰੱਖਿਆ ਤੇ ਸਮਾਜ ਵਿਚਲੀ ਏਕਤਾ ਨੂੰ ਬਣਾਈ ਰੱਖਣ ਦਾ ਸੀ ਕਿਉਂਕਿ ਅੰਗਰੇਜ਼ੀ ਸਰਕਾਰ ਕੋਈ ਵੀ ਹੱਥਕੰਡਾ ਅਪਣਾ ਕੇ ਸਿੱਖ ਰਾਜ ਹੜੱਪਣਾ ਚਾਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਪੰਜਾਬੀ ਪ੍ਰਤੀ ਕਿੰਨਾ ਇਮਾਨਦਾਰ ਸੀ ਇਸ ਦਾ ਸਬੂਤ ਉਸ ਦੁਆਰਾ ਹਾਸ਼ਮ ਸ਼ਾਹ ਦੇ ਸਾਹਿਤਕ ਯੋਗਦਾਨ ਨੂੰ ਦੇਖਦੇ ਹੋਏ ਉਸ ਨੂੰ ਦਿੱਤੀ ਜਾਗੀਰ ਤੋਂ ਮਿਲ ਜਾਂਦਾ ਹੈ।
ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬ ਨੂੰ ਛੱਡ ਕੇ ਸਾਰਾ ਭਾਰਤ ਅੰਗਰੇਜ਼ਾਂ ਦੇ ਅਧੀਨ ਆ ਚੁੱਕਾ ਸੀ। 1839 ਈ. ਵਿਚ ਮਹਾਰਾਜਾ ਦੀ ਮੌਤ ਤੋਂ ਬਾਅਦ 1849 ਈ. ਨੂੰ ਅੰਗਰੇਜ਼ਾਂ ਨੇ ਪੰਜਾਬ ’ਤੇ ਵੀ ਆਪਣਾ ਅਧਿਕਾਰ ਸਥਾਪਤ ਕਰ ਲਿਆ ਤੇ ਆਪਣੀ ਧੋਖੇਬਾਜ਼ੀ ਵਾਲੀ ਨੀਤੀ, ਫੁੱਟ ਪਾਓ ਤੇ ਰਾਜ ਕਰੋ ਅਪਣਾਉਂਦੇ ਹੋਏ ਲੋਕਾਂ ਨੂੰ ਧਰਮ-ਜਾਤ, ਭਾਸ਼ਾ ਆਦਿ ਦੇ ਨਾਮ ’ਤੇ ਲੜਾ ਕੇ ਉਨ੍ਹਾਂ ਨੂੰ ਕਮਜ਼ੋਰ ਕੀਤਾ। ਉਨ੍ਹਾਂ ਨੇ 1853 ਈ. ਵਿੱਚ ਪੰਜਾਬ ਲਈ ਹੈਨਰੀ ਲਾਰੰਸ ਤੇ ਜਾਨ ਲਾਰੰਸ ’ਤੇ ਆਧਾਰਤ ਲਾਰਡ ਆਫ ਐਡਮਨਿਸਟ੍ਰੇਸ਼ਨ ਬਣਾਇਆ ਤਾਂ ਲਾਰੰਸ ਭਰਾਵਾਂ ਨੇ ਉਰਦੂ ਨੂੰ ਪੰਜਾਬ ਉਪਰ ਥੋਪ ਦਿੱਤਾ ਤੇ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ। 1855 ਈ. ਵਿਚ ਮਿਸਟਰ ਮੈਕਨਿਊਡ ਨੇ ਇਕ ਫੁਰਮਾਨ ਜਾਰੀ ਕੀਤਾ ਕਿ ‘‘ਪਹਿਲਾਂ ਪੰਜਾਬ ਦੇ ਪੜ੍ਹੇ ਲਿਖੇ ਤਬਕੇ ਨੂੰ ਉਰਦੂ ਸਿਖਾਈ ਜਾਣੀ ਚਾਹੀਦੀ ਹੈ। ਫੇਰ ਇਸ ਤਬਕੇ  ਦੇ ਜ਼ਰੀਏ ਪੂਰੇ ਪੰਜਾਬ ਦੇ ਲੋਕਾਂ ਨੂੰ ਉਰਦੂ ਸਿਖਾਈ ਜਾਵੇ। ਇਸ ਤਰ੍ਹਾਂ ਅਸੀਂ ਸਥਾਨਕ ਘਟੀਆ ਜ਼ੁਬਾਨ ਨੂੰ ਖਤਮ ਕਰ ਦੇਵਾਂਗੇ।’’