ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ

0
12392

ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ਭਰਪੂਰ ਯੋਗਦਾਨ ਪਾਣ ਵਾਲੇ ਮਰਜੀਵੜਿਆਂ ਦੀ ਸੂਚੀ ਬਹੁਤ ਲੰਬੀ ਹੈ । ਇਸ ਸੂਚੀ ਦੇ ਸਿਖਰ ਉਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦਾ ਮਹਾਨ ਨਾਮ ਬਿਰਾਜਮਾਨ ਹੈ।ਇਸ ਸੰਖੇਪ ਭੂਮਕਾ ਵਿਚ ਅਸੀਂ ਸ੍ਰ. ਭਗਤ ਸਿੰਘ ਦੀ ਸਿੱਖੀ ਵਿਚਾਰਧਾਰਾ ਅਤੇ ਪਛੋਕੜ ਉਤੇ ਕੁਝ ਪ੍ਰਕਾਸ਼ ਪੌਣ ਦਾ ਯਤਨ ਕਰਦੇ ਹਾਂ । ਆਪ ਜੀ ਦੇ ਪਰੀਵਾਰ ਦੇ ਵਿਚ ਸਿੱਖੀ ਸਿਦਕ ਦੀ ਪ੍ਰੰਪਰਾ ਬਹੁਤ ਡੂੰਘੀ ਸੀ । ਦੁਆਬੇ ਦੇ ਪਿੰਡ ਆਪਦੇ ਜਨਮ ਨਗਰ ਖਟਕੜ ਕਲਾਂ ਵਿਚ ਇਤਿਹਾਸਕ ਗੁਰਧਾਮ ‘ਝੰਡਾ ਜੀ’ ਦੇ ਜੋੜ ਮੇਲੇ ਉਤੇ ਹੁੰਮ ਹੁਮਾ ਕੇ ਇੱਕਤ੍ਰ ਹੁੰਦੇ ਹਨ । ਉਸ ਇਲਾਕੇ ਦਾ ਸਿੱਖੀ ਪਿਛੋਕੜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਇਤਿਹਾਸਕਾਰਾਂ ਨੇ ਖੋਜਿਆ ਹੈ । ਸਾਰੇ ਨਗਰਾਂ ਦਾ ਵਾਤਾਵਰਨ ਸਿੱਖ ਸ਼ਰਧਾ ਨਾਲ ਓਤ ਪੋਤ ਸੀ । ਇਹੋ ਕਾਰਨ ਹੈ ਕਿ ਸ੍ਰ. ਭਗਤ ਸਿੰਘ ਦੇ ਬਾਬਾ ਜੀ ਆਪਣੇ ਸਮੇਂ ਦੇ ਪ੍ਰਮੁੱਖ ਗੁਰਸਿੱਖਾਂ ਵਿਚੋਂ ਸਿਰ ਕੱਢ ਹੋਏ ਹਨ, ਜਦੋਂ ਆਪ ਬਾਰ ਵਿਚ ਲਾਇਲਪੁਰ ਜ਼ਿਲੇ ਅੰਦਰ ਨਵੇਂ ਵਸਾਏ ਚੱਕ ਵਿਚ, ਜਿਸਨੂੰ ਬੰਗਾ ਆਖਦੇ ਹਨ, ਜਾ ਵਸੇ ਤਾਂ ੳੇਸ ਸਮੇਂ ਜੈਤੋ ਦੇ ਮੋਰਚੇ ਲਈ ਜਥੇ ਜਾਂਦੇ ਸਨ । ਇਨ੍ਹਾਂ ਜਥਿਆਂ ਦੀ ਚਾਹ ਪਾਣੀ ਦੀ ਸੇਵਾ ਪਿੰਡ ਦੇ ਭੁਝੰਗੀ ਨੌਜਵਾਨ ਭਗਤ ਸਿੰਘ ਦੀ ਅਗੁਵਾਈ ਵਿਚ ਨਿਰੰਤਰ ਕਰਦੇ ਰਹੇ । ਜੋਟੀਆਂ ਨਾਲ, ਹੱਲੇਦਾਰ ਸ਼ਬਦ ਪੜ੍ਹਿਆ ਕਰਦੇ ਸਨ । ਜਿਸ ਪਰਕਾਰ ਕੂਕਿਆਂ ਦੇ ਨਗਰ ਕੀਰਤਨ ਵਿਚ ਹੁੰਦਾ ਹੈ ਐਨ ਇਸੇ ਹੀ ਤਰ੍ਹਾਂ ਭਗਤ ਸਿੰਘ ਦਾ ਬਚਪਨ ਅਜੇਹੇ ਕਾਰਜਾਂ ਵਿਚੋਂ ਅਤੇ ਗੁਰਸਿੱਖੀ ਦੀਆਂ ਲੋਰਾਂ ਵਿਚੋਂ ਗੁਜ਼ਰਿਆ, ਇਥੇ ਇਹ ਦਸਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਕਈ ਬਿਆਨਾ ਵਿਚ ਸ੍ਰ ਭਗਤ ਸਿੰਘ ਨੇ ਨਾਮਧਾਰੀ ਲਹਿਰ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਪੱਥ ਪ੍ਰਦਰਸ਼ਕ ਮੰਨਿਆ ਹੈ, ਅਤੇ ਕੂਕਿਆਂ ਦਾ ਆਜ਼ਾਦੀ ਪ੍ਰਤੀ ਸੰਘਰਸ਼, ਉਨ੍ਹਾਂ ਦੀਆਂ ਲਾਸਾਨੀ ਸ਼ਹੀਦੀਆਂ ਜਿਹੜੀਆਂ ਦਿਲ ਹਿਲਾ ਦੇਣ ਵਾਲੀਆਂ ਹਨ ਜਿਵੇਂ ਕਿ 66 ਕੂਕਿਆਂ ਨੂੰ ਮਲੇਰਕੋਟਲੇ ਤੋਪਾਂ ਅੱਗੇ ਉਡਾਉਣਾ ,ਅਤੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਗਲ ਵਿਚ ਪਾਉਣਾ, ਆਦਿ । ਇਸ ਦਾ ਪਰਭਾਵ ਅਸੀਂ ਆਪ ਜੀ ਦੇ ਸੰਗਰਾਮ ਭਰੇ ਜੀਵਨ ਵਿਚ ਥਾਂਹ ਪਰ ਥਾਂਹ ਭਲੀਪਰਕਾਰ ਅਨੁਭਵ ਕਰਦੇ ਹਾਂ । ਅੰਤਮ ਸਮੇਂ ਜੇਹਲ ਵਿਚ ਵੀ ਆਪ ਸਿਮਰਨ ਵਿਚ ਜੁੜੇ ਰਹਿੰਦੇ ਸਨ, ਜਿਸਦੇ ਨਾਲ ਭਗਤੀ ਔਰ ਸ਼ਕਤੀ ਦਾ ਸੁਮੇਲ ਉਨ੍ਹਾਂ ਦੀ ਅੰਤਰ ਆਤਮਾ ਵਿਚ ਉਂਗਰਦਾ ਹੋਇਆ ਨਿਰੰਤਰ ਫਲੀ ਭੂਤ ਹੋ ਰਿਹਾ ਸੀ ਜੋ ਉਨ੍ਹਾਂ ਦੀ ਆਤਮਕ ਬੁਲੰਦੀ ਨੂੰ ਮਜ਼ਬੂਤ ਕਰਦਾ ਜਾ ਰਿਹਾ ਸੀ ।