ਹੁਸ਼ਿੁਆਰਪੁਰ, 3 ਦਸੰਬਰ| ਟਾਂਡਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਇੱਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਟਾਂਡਾ ਤੋਂ ਮੁਕੇਰੀਆਂ ਵੱਲ ਜਾ ਰਿਹਾ ਸੀ ਕਿ ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਪਿੰਡ ਮੁਨੱਕਾਂ ਨੇੜੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ ਦੋ ਬੱਚਿਆਂ ਸਮੇਤ 7 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੌਕੇ ‘ਤੇ ਟਾਂਡਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ।
ਜ਼ਖ਼ਮੀਆਂ ਵਿੱਚ ਇੰਦਰਜੀਤ ਸਿੰਘ, ਉਸ ਦੀ ਪਤਨੀ ਰਾਜਦੀਪ ਕੌਰ, ਬੱਚੇ ਅਭਿਨੀਤ ਕੌਰ ਅਤੇ ਧਰਮਜੋਤ, ਹਰਪ੍ਰੀਤ ਕੌਰ, ਕਮਲਜੀਤ ਸਿੰਘ, ਰਮਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।