ਨਵਾਂਸ਼ਹਿਰ . ਸਹਿਕਾਰਤਾ ਵਿਭਾਗ ਨੇ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਜ਼ਿਲ੍ਹੇ ਦੇ ਕਿਸਾਨਾਂ ਦੀ ਝੋਨੇ ਦੀ ਲੁਆਈ ’ਚ ਮੱਦਦ ਲਈ ਨਵੀਂ ਪਹਿਲਕਦਮੀ ਕੀਤੀ ਹੈ। ਸਹਿਕਾਰਤਾ ਵਿਭਾਗ ਨੇ ਆਪਣੀਆਂ ਸਭਾਵਾਂ ਕੋਲ ਮੌਜੂਦ ਜ਼ੀਰੋ ਟਿਲ ਡਰਿੱਲ ਮਸ਼ੀਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕਿਰਾਏ ’ਤੇ ਦੇਣ ਦਾ ਪ੍ਰਬੰਧ ਕੀਤਾ ਹੈ।
ਉੱਪ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਡਾ. ਜਗਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਲੇਬਰ ਦੀ ਜ਼ਬਰਦਸਤ ਘਾਟ ਨਾਲ ਜੂਝ ਰਹੀ ਜ਼ਿਲ੍ਹੇ ਦੀ ਕਿਸਾਨੀ ਨੂੰ ਰਾਹਤ ਦੇਣ ਲਈ ਉਨ੍ਹਾਂ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਮੱਦਦ ਨਾਲ ਆਪਣੀਆਂ ਸਭਾਵਾਂ ਕੋਲ ਮੌਜੂਦ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਨੂੰ ਝੋਨੇ ਦੀ ਬਿਜਾਈ ਲਈ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਕੋਲ 60-70 ਦੇ ਕਰੀਬ ਜ਼ੀਰੋ ਡਰਿੱਲ ਮਸ਼ੀਨਾਂ ਮੌਜੂਦ ਹਨ, ਜਿਹੜੀਆਂ ਕਣਕ ਦੀ ਬਿਜਾਈ ਲਈ ਕਿਸਾਨਾਂ ਵੱਲੋਂ ਆਮ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਹੁਣ ਵਿਭਾਗ ਵੱਲੋਂ ਲੇਬਰ ਦੀ ਮੁਸ਼ਕਿਲ ਨੂੰ ਦੇਖਦਿਆਂ ਇਨ੍ਹਾਂ ਮਸ਼ੀਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਯੋਗ ਬਣਾਉਣ ਲਈ ਖੇਤੀਬਾੜੀ ਵਿਭਾਗ ਦੀ ਮੱਦਦ ਨਾਲ ਇਨ੍ਹਾਂ ਦੀ ‘ਕੈਲੀਬ੍ਰੇਸ਼ਨ’ ਕਰਵਾਈ ਜਾ ਰਹੀ ਹੈ ਤਾਂ ਜੋ ਕਣਕ ਦੇ ਮੁਕਾਬਲੇ ਝੋਨੇ ਦਾ ਬੀਜ ਘੱਟ ਲਗਦਾ ਹੋਣ ਕਾਰਨ, ਮਸ਼ੀਨ ਦੀ ਬੀਜ ਪੋਰਨ ਦੀ ਸਮਰੱਥਾ ਨੂੰ ਉਸ ਮੁਤਾਬਕ ਸਹੀ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਫਾਂਬੜਾ, ਕਰਿਆਮ, ਉਸਮਾਨਪੁਰ ਤੇ ਝਿੰਗੜਾ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਇਸ ਪਹਿਲ ਕਦਮੀ ਦਾ ਹਿੱਸਾ ਬਣਦਿਆਂ ਆਪਣੀਆਂ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ’ਚ ਤਬਦੀਲੀ ਕਰਵਾ ਲਈ ਗਈ ਹੈ ਜਦਕਿ ਬਾਕੀ ਸਭਾਵਾਂ ਵੱਲੋਂ ਵੀ ਆਪਣੀਆਂ ਮਸ਼ੀਨਾਂ ਦੀ ਕੈਲੀਬ੍ਰੇਸ਼ਨ ਸਿੱਧੀ ਬਿਜਾਈ ਲਈ ਕਰਵਾਈ ਜਾ ਰਹੀ ਹੈ।
ਫਾਂਬੜਾ ਬਹੁੰਮਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਆਪਣੀ ਜ਼ੀਰੋ ਟਿਲੇ ਡਰਿੱਲ ਮਸ਼ੀਨ ’ਚ ਝੋਨੇ ਦੀ ਸਿੱਧੀ ਬਿਜਾਈ ਲਈ ਤਬਦੀਲ ਕਰ ਲਿਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਲੇਬਰ ਦੀ ਘਾਟ ਨਾਲ ਨਾ ਜੂਝਣਾ ਪਵੇ।