ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼; ਜ਼ਮੀਨ ਅਲਾਟਮੈਂਟ ਮਾਮਲੇ ਸਬੰਧੀ ਹੋਵੇਗੀ ਪੁੱਛਗਿੱਛ

0
1679

ਬਠਿੰਡਾ, 20 ਨਵੰਬਰ | ਜ਼ਮੀਨ ਅਲਾਟਮੈਂਟ ਮਾਮਲੇ ਵਿਚ ਫਸੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋ ਸਕਦੇ ਹਨ। ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਕੇ 20 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਅੱਜ ਉਹ ਬਠਿੰਡਾ ਵਿਜੀਲੈਂਸ ਦਫ਼ਤਰ ਪੁੱਜਣਗੇ। ਉਥੇ ਉਸ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰਨਗੇ।

ਦੱਸ ਦਈਏ ਕਿ ਇਸੇ ਕੇਸ ਵਿਚ ਨਾਮਜ਼ਦ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜੁਗਨੂੰ ਅਤੇ CA ਸੰਜੀਵ ਕੁਮਾਰ ਨੂੰ ਪਹਿਲਾਂ ਇਸ ਕੇਸ ਵਿਚ ਨਾਮਜ਼ਦ ਕੀਤਾ ਸੀ ਪਰ ਫਿਰ ਉਨ੍ਹਾਂ ਨੂੰ ਵੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਸਥਾਨਕ ਅਦਾਲਤ ‘ਚ ਸਿਰਫ ਜੁਗਨੂੰ ਅਤੇ ਸੰਜੀਵ ਨੂੰ ਜ਼ਮਾਨਤ ਮਿਲੀ, ਬਾਕੀ ਸਾਰਿਆਂ ਨੂੰ ਹਾਈਕੋਰਟ ਦਾ ਰੁਖ ਕਰਨਾ ਪਿਆ।

ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਨਪ੍ਰੀਤ ਬਾਦਲ ਦੇ ਪਲਾਟ ਦੀ ਬੋਲੀ ਜੁਗਨੂੰ ਦੇ ਦਫ਼ਤਰ ਤੋਂ ਸੰਜੀਵ ਕੁਮਾਰ ਨੇ ਦਿੱਤੀ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਕਾਸ, ਰਾਜੀਵ ਅਤੇ ਅਮਨਦੀਪ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਉਕਤ ਠੇਕੇਦਾਰ ਦੇ ਕਹਿਣ ’ਤੇ ਹੀ ਤਤਕਾਲੀ ਮੰਤਰੀ ਦੇ ਪਲਾਟ ਦੀ ਬੋਲੀ ਕਰਵਾਈ ਸੀ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਸੀਏ ਸੰਜੀਵ ਕੁਮਾਰ ਦੀ ਵੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ਹੈ।