ਅੰਮ੍ਰਿਤਸਰ ‘ਚ ਆਪ ਆਗੂ ਦੇ ਭਰਾ ਨੂੰ ਮਾਰੀਆਂ ਗੋਲੀਆਂ; ਸੀਵਰੇਜ ਦੀ ਸਫਾਈ ਨੂੰ ਲੈ ਕੇ ਹੋਇਆ ਵਿਵਾਦ

0
773

ਅੰਮ੍ਰਿਤਸਰ, 17 ਨਵੰਬਰ | ਅੰਮ੍ਰਿਤਸਰ ‘ਚ ਆਪ ਆਗੂ ਦੇ ਭਰਾ ਨੂੰ ਅਣਪਛਾਤਿਆਂ ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਭੱਜ ਗਏ। ਕਾਂਗਰਸ ਪਾਰਟੀ ਦੇ ਕੁਝ ਆਗੂਆਂ ਉਤੇ ਹਮਲਾ ਕਰਵਾਉਣ ਦੇ ਆਰੋਪ ਲੱਗ ਰਹੇ ਹਨ। ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਦੇ 65 ਨੰਬਰ ਵਾਰਡ ਵਿਚ ਗੋਲ਼ੀਆਂ ਚਲੀਆਂ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਤੇ ਉਸਦੇ ਸਮਰਥਕਾਂ ਵਲੋਂ ਗੋਲੀ ਚਲਾਈ ਗਈ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਦੱਸੀ ਜਾ ਰਹੀ ਹੈ, ਜਿਸ ਦੇ ਚਲਦੇ ਕਾਂਗਰਸ ਪਾਰਟੀ ਦੇ ਕੌਂਸਲਰ ਤੇ ਉਸਦੇ ਸਮਰਥਕਾਂ ਵੱਲੋਂ ਅਮਨ ਅਰੋੜਾ ਉਤੇ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਜਾਂਚ ਕੀਤੀ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

ਦੱਸ ਦਈਏ ਕਿ ਅੱਜ ਸਵੇਰੇ ਤੜਕਸਾਰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਵਿਚ ਇਕ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਥਾਣਾ ਛੇਹਾਟਾ ਵਿਚ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਸਾਢੇ 4 ਲੱਖ ਰੁਪਏ ਦੀ ਗੋਲੀਆਂ ਚਲਾ ਕੇ ਲੁੱਟ ਕਰ ਲਈ ਗਈ।

ਉਥੇ ਹੀ ਤੀਸਰੀ ਵਾਰਦਾਤ ਵਿਚ ਪੁਤਲੀਘਰ ਤੇ ਯਾਦ ਨਗਰ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਫੇਰੀ ਉਤੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਦੇ ਭਰਾ ਤੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਅਰੋੜਾ ਨੇ ਦੱਸਿਆ ਕਿ ਗਲੀ ਵਿਚ ਸੀਵਰੇਜ ਸਫਾਈ ਕਰਨ ਲਈ ਗੱਡੀ ਆਈ ਹੋਈ ਸੀ। ਜਦੋਂ ਅਸੀਂ ਸੀਵਰੇਜ ਸਾਫ ਕਰਵਾ ਰਹੇ ਸੀ ਤਾਂ ਇੰਨੇ ਨੂੰ ਕਾਂਗਰਸ ਪਾਰਟੀ ਦਾ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਤੇ ਉਸਦੇ ਸਮਰਥਕ ਮੌਕੇ ਉਤੇ ਆ ਗਏ ਤੇ ਸਾਡੇ ਨਾਲ ਤੂੰ-ਤੂੰ ਮੈਂ-ਮੈਂ ਕਰਨ ਲੱਗ ਪਏ, ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਜੋ ਇਕ ਗੋਲੀ ਮੇਰੇ ਭਰਾ ਅਮਨ ਅਰੋੜਾ ਨੂੰ ਲੱਗੀ, ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।