ਮੋਹਾਲੀ ‘ਚ 2 ਨੌਜਵਾਨਾਂ ਦੀ ਭੇਤਭਰੀ ਬੀਮਾਰੀ ਨਾਲ ਮੌਤ; ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿਤਕ

0
389

ਮੋਹਾਲੀ, 17 ਨਵੰਬਰ | ਨਜ਼ਦੀਕੀ ਪਿੰਡ ਗੀਗੇਮਾਜਰਾ ਵਿਚ 4 ਦਿਨਾਂ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨਾਂ ਦੀ ਮੌਤ ਇਕੋ ਤਰ੍ਹਾਂ ਦੇ ਲੱਛਣਾਂ ਵਾਲੀ ਭੇਤਭਰੀ ਬrਮਾਰੀ ਨਾਲ ਹੋਈ ਹੈ। ਦੋਵੇਂ 2-3 ਦਿਨਾਂ ਤੋਂ ਬੀਮਾਰ ਸਨ। ਇਲਾਜ ਲਈ ਦੋਵਾਂ ਨੂੰ ਸੋਹਾਣਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਕਤ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਨੌਜਵਾਨਾਂ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਜਾਣਕਾਰੀ ਅਨੁਸਾਰ 22 ਸਾਲ ਦਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪੜ੍ਹ ਰਿਹਾ ਸੀ ਅਤੇ ਉਸ ਨੂੰ 8 ਨਵੰਬਰ ਨੂੰ ਬੁਖਾਰ ਹੋਇਆ ਸੀ ਤੇ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ 32 ਸਾਲ ਦਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਵਿਆਇਆ ਹੋਇਆ ਸੀ ਤੇ ਉਸ ਦੀ ਇਕ 3 ਸਾਲਾਂ ਦੀ ਧੀ ਵੀ ਹੈ।

ਉਸ ਨੇ ਮੋਗਾ ਸਥਿਤ ਪ੍ਰਾਈਵੇਟ ਹਸਪਤਾਲ ਵਿਚੋਂ ਪੇਟ ਵਿਚ ਚਰਬੀ ਘੱਟ ਕਰਨ ਦਾ ਆਪਰੇਸ਼ਨ ਕਰਵਾਇਆ ਸੀ। ਉਹ 12 ਨਵੰਬਰ ਨੂੰ ਘਰ ਆ ਗਿਆ ਸੀ। ਇਕ ਦਿਨ ਬਾਅਦ ਉਸ ਦੇ ਪੇਟ ਵਿਚ ਦਰਦ ਸ਼ੁਰੂ ਹੋਇਆ। ਇਸ ਦੇ ਨਾਲ ਹੀ ਉਸ ਨੂੰ ਬੁਖ਼ਾਰ ਹੋ ਗਿਆ ਤੇ ਪਲੇਟਲੈੱਟਸ ਵੀ ਘੱਟ ਗਏ। ਪਰਿਵਾਰ ਵੱਲੋਂ ਉਸ ਨੂੰ ਸੋਹਾਣਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ।

ਡਾ. ਸੁਰਿੰਦਰਪਾਲ ਕੌਰ ਨੇ ਕਿਹਾ ਕਿ ਮ੍ਰਿਤਕਾਂ ਦੀ ਮੌਤ ਡੇਂਗੂ ਨਾਲ ਹੋਈ ਜਾਂ ਹੋਰ ਕਾਰਨਾਂ ਨਾਲ ਇਸ ਸਬੰਧੀ ਮੈਡੀਕਲ ਰਿਪੋਰਟ ਜਾਂਚਣ ਤੋਂ ਬਾਅਦ ਪਤਾ ਲੱਗੇਗਾ। ਪਿੰਡ ਵਾਸੀਆਂ ਨੇ ਸਿਹਤ ਵਿਭਾਗ ਤੋਂ ਪਿੰਡ ਵਿਚ ਫ਼ੈਲੇ ਹੋਏ ਬੁਖ਼ਾਰ ਤੇ ਹੋਰ ਬੀਮਾਰੀਆਂ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ।