ਮੋਹਾਲੀ, 16 ਨਵੰਬਰ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2023-24 ਲਈ 9ਵੀਂ ਤੋਂ 12ਵੀਂ ਜਮਾਤ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਕ ਆਖਰੀ ਮੌਕਾ ਦਿੱਤਾ ਗਿਆ ਹੈ। ਇਸ ਮੁਤਾਬਕ ਰਜਿਸਟਰਡ ਕਰਨ ਲਈ ਆਨਲਾਈਨ ਪੋਰਟਲ ਮੁੜ ਸਕੂਲ ਪੱਧਰ ਉਤੇ ਚਾਲੂ ਕੀਤਾ ਜਾ ਰਿਹਾ ਹੈ।
ਇਸ ਆਨਲਾਈਨ ਪੋਰਟਲ ‘ਚ ਸਕੂਲ ਪੱਧਰ ‘ਤੇ ਹੀ ਬਣਦੀ ਫ਼ੀਸ 5 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਸਕੂਲ ਨੂੰ ਲਗਾਉਂਦੇ ਹੋਏ 17 ਨਵੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਆਨਲਾਈਨ ਰਜਿਸਟ੍ਰੇਸ਼ਨ ਕਰਦੇ ਸਮੇਂ ਜੇਕਰ ਕਿਸੇ ਵਿਦਿਆਰਥੀ ਦੀ ਐਂਟਰੀ ਕਿਸੇ ਵੀ ਕਾਰਨ ਕਰਕੇ ਫਿਰ ਵੀ ਰਹਿ ਜਾਂਦੀ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਜਾਂ ਮੁਲਾਜ਼ਮ ਦੀ ਹੋਵੇਗੀ ਕਿਉਂਕਿ ਅਜਿਹੇ ਵਿਦਿਆਰਥੀ ਨੂੰ ਸ਼ਡਿਊਲ ਤੋਂ ਬਾਅਦ ਆਨਲਾਈਨ ਐਂਟਰੀ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।