ਲੁਧਿਆਣਾ : 2 ਮੋਟਰਸਾਈਕਲ ਸਵਾਰਾਂ ਦੀ ਆਹਮੋ-ਸਾਹਮਣੀ ਹੋਈ ਭਿਆਨਕ ਟੱਕਰ; 1 ਨੌਜਵਾਨ ਦੀ ਮੌਤ

0
767

ਲੁਧਿਆਣਾ/ਪਾਇਲ/ਦੋਰਾਹਾ, 11 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਾਇਲ-ਦੋਰਾਹਾ ਰੋਡ ’ਤੇ ਪਿੰਡ ਸ਼ਾਹਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ 20 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੋਹਣੋਂ ਕਲਾਂ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਲ਼ੇ ਦੇ ਲੜਕੇ ਗੁਰਮੁਖ ਸਿੰਘ ਨੂੰ ਮਿਲਣ ਲਈ ਪਿੰਡ ਆਇਆ ਹੋਇਆ ਸੀ, ਜਿਥੇ ਉਸ ਦਾ ਲੜਕਾ ਜਗਵੰਤ ਵੀ ਆ ਗਿਆ।

ਵਾਪਸੀ ਸਮੇਂ ਉਹ ਸਾਲ਼ੇ ਦੇ ਲੜਕੇ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਰੋਹਣੋ ਕਲਾਂ ਲਈ ਚੱਲ ਪਿਆ, ਜਦਕਿ ਉਸ ਦਾ ਲੜਕਾ ਜਗਵੰਤ ਸਿੰਘ ਆਪਣੇ ਮੋਟਰਸਾਈਕਲ ’ਤੇ ਵਾਪਸ ਜਾ ਰਿਹਾ ਸੀ। ਜਦੋਂ ਉਸ ਦਾ ਲੜਕਾ ਪਿੰਡ ਸ਼ਾਹਪੁਰ ਸਥਿਤ ਭੱਠੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਚਾਲਕ ਨੇ ਉਸ ਦੇ ਲੜਕੇ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਲੜਕਾ ਮੋਟਰਸਾਈਕਲ ਤੋਂ ਸੜਕ ’ਤੇ ਡਿੱਗ ਗਿਆ। ਸਿਰ ਅਤੇ ਮੱਥੇ ’ਤੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਜਗਵੰਤ ਸਿੰਘ ਨੂੰ ਤੁਰੰਤ ਦੋਰਾਹਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਲੁਧਿਆਣਾ ਪਹੁੰਚਣ ’ਤੇ ਡਾਕਟਰ ਨੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਸਬੰਧੀ ਪਾਇਲ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।