ਬਰਨਾਲਾ . ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵਾਸਤੇ ਸਿਖਲਾਈ ਲੈਣ ਲਈ ਰੁਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਅਧੀਨ ਸਿਖਲਾਈ ਲੈ ਕੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣਾ ਭਵਿੱਖ ਸੰਵਾਰਿਆ ਹੈ। ਕੈਂਪਾਂ ਦਾ ਮੁੱਖ ਉਦੇਸ਼ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਆਰਮੀ, ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਬਲਾਂ ਵਿੱਚ ਭਰਤੀ ਹੋਣ ਵਾਸਤੇ ਸਿਖਲਾਈ ਦੇਣਾ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਡਾਇਰੈਕਟਰ ਰੋਜ਼ਗਾਰ, ਉਤਪਤੀ ਤੇ ਸਿਖਲਾਈ ਵਿਭਾਗ, ਜ਼ਿਲਾ ਬਰਨਾਲਾ ਤੇ ਕੈਂਪ ਕਮਾਂਡੈਂਟ ਕਰਨਲ ਐਨ ਡੀ ਐਸ ਬੈਂਸ ਨੇ ਦੱਸਿਆ ਕਿ ਸਾਲ 2020-21 ਦੀਆਂ ਭਰਤੀ ਰੈਲੀਆਂ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਹੋ ਗਈਆਂ ਸਨ। ਹੁਣ ਆਸ ਕੀਤੀ ਜਾ ਰਹੀ ਹੈ ਕਿ ਹਾਲਾਤ ਸੁਧਰਨ ਉਪਰੰਤ ਇਹ ਭਰਤੀ ਰੈਲੀਆਂ ਬਹੁਤ ਛੇਤੀ ਸ਼ੁਰੂ ਹੋ ਜਾਣਗੀਆਂ, ਜਿਸ ਸਬੰਧੀ ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਤਿਆਰੀ ਵਾਸਤੇ ਘੱਟ ਸਮਾਂ ਮਿਲੇਗਾ। ਇਸ ਦੇ ਸਬੰਧ ਵਿੱਚ ਲਿਖਤੀ ਪੇਪਰ ਦੀ ਤਿਆਰੀ ਵਾਸਤੇ ਮਿਤੀ 15 ਮਈ 2020 ਤੋਂ ਸੀ-ਪਾਈਟ ਕੈਂਪ ਨਾਭਾ, ਭਵਾਨੀਗੜ੍ਹ ਰੋਡ, ਗ੍ਰਾਮਸੇਵਕ ਟ੍ਰੇਨਿੰਗ ਸੈਂਟਰ ਵਲੋਂ ਆਨਲਾਈਨ ਮਾਧਿਅਮ ਰਾਹੀਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ 2 ਮਹੀਨਿਆਂ ਵਾਸਤੇ ਚੱਲੇਗੀ, ਜ਼ਿਲਾ ਬਰਨਾਲਾ ਨਾਲ ਸਬੰਧਿਤ ਨੌਜਵਾਨ ਸੀ-ਪਾਈਟ ਕੈਂਪ ਤੋਂ ਇਹ ਟ੍ਰੇਨਿੰਗ ਆਪਣੇ ਘਰ ਬੈਠੇ ਹੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਸ ਆਨਲਾਈਨ ਤਿਆਰੀ ਸਬੰਧੀ ਵਧੇਰੇ ਜਾਣਕਾਰੀ ਲੈਣ ਵਾਸਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਰਦੀਪ ਸਿੰਘ ਰਾਏ, ਏਜੂਕੇਸ਼ਨ ਮਾਸਟਰ, ਸੀ-ਪਾਈਟ ਕੈਂਪ, ਨਾਭਾ ਦੇ ਮੋਬਾਇਲ ਨੰ: 8837696495 ’ਤੇ ਸੰਪਰਕ ਕੀਤਾ ਜਾ ਸਕਦਾ ਹੈ।